*ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਭੂਲਣ ਵਿਖੇ ਕਿਸਾਨ ਸਿਖਲਾਈ ਕੈਂਪ
ਮੂਨਕ, 18 ਜੂਨ Bol Punjab De, Buero
ਖੇਤੀ ਲਾਗਤ ਘਟਾਉਣ, ਮਿੱਟੀ ਦੀ ਸਿਹਤ ਸੰਭਾਲਣ ਅਤੇ ਰਸਾਇਣਕ ਖਾਦਾਂ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਪਿੰਡ ਭੂਲਣ (ਮੂਨਕ ਨੇੜੇ) ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ।
ਕੈਂਪ ਦੌਰਾਨ ਕਿਸਾਨਾਂ ਨੂੰ ਮਿੱਟੀ ਪਰਖ ਅਧਾਰਿਤ ਖਾਦ ਪ੍ਰਬੰਧਨ, ਝੋਨੇ ਅਤੇ ਬਾਸਮਤੀ ਦੀ ਪੌਦ ਲਈ ਜੀਵਾਣੂ ਖਾਦਾਂ ਦੀ ਮਹੱਤਤਾ ਅਤੇ ਝੋਨੇ ਵਿੱਚ ਫਾਸਫੋਰਸ ਖਾਦ ਦੀ ਬੇਲੋੜੀ ਵਰਤੋਂ ਤੋਂ ਬਚਣ ਸਬੰਧੀ ਵਿਗਿਆਨਕ ਜਾਣਕਾਰੀ ਦਿੱਤੀ ਗਈ। ਵਿਗਿਆਨੀਆਂ ਨੇ ਕਿਸਾਨਾਂ ਨੂੰ ਸੰਤੁਲਿਤ ਪੋਸ਼ਕ ਤੱਤ ਪ੍ਰਬੰਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਵੱਧ ਮੁਨਾਫ਼ੇ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਲੰਬੇ ਸਮੇਂ ਤੱਕ ਬਰਕਰਾਰ ਰੱਖਿਆ ਜਾ ਸਕੇ। ਇਸ ਸਿਖਲਾਈ ਕੈਂਪ ਵਿੱਚ ਲਗਭਗ 30 ਕਿਸਾਨਾਂ ਨੇ ਉਤਸ਼ਾਹਪੂਰਵਕ ਭਾਗ ਲਿਆ।
ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ, ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ’ਤੇ ਹੀ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਨਾ ਸਿਰਫ਼ ਖੇਤੀ ਦੀ ਲਾਗਤ ਘਟਦੀ ਹੈ, ਸਗੋਂ ਫਸਲ ਦੀ ਪੈਦਾਵਾਰ ਅਤੇ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਉਨ੍ਹਾਂ ਮੌਕੇ ’ਤੇ ਹੀ ਮਿੱਟੀ ਦੇ ਨਮੂਨੇ ਲੈਣ ਦੀ ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਖੁਦ ਨਮੂਨਾ ਲੈ ਕੇ ਕਿਸਾਨਾਂ ਨੂੰ ਸਮਝਾਇਆ।
ਡਾ. ਗਰਗ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਡੀ.ਏ.ਪੀ. ਖਾਦ ਦੀ ਬੇਲੋੜੀ ਵਰਤੋਂ ਤੋਂ ਬਚਣ ਅਤੇ ਯੂਰੀਆ ਖਾਦ ਦੀ ਵੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੱਦੂ ਕਰਨ ਤੋਂ ਪਹਿਲਾਂ ਯੂਰੀਆ ਦੇ 2-3 ਥੈਲੇ ਵਰਤਣ ਦੀ ਪ੍ਰਥਾ ਤੋਂ ਗੁਰੇਜ ਕਰਨ ਲਈ ਕਿਹਾ। ਉਨ੍ਹਾਂ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਜ਼ਿੰਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਜੈਵਿਕ ਖਾਦਾਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਗਰਗ ਨੇ ਕਿਹਾ ਕਿ ਝੋਨੇ ਦੀ ਪੌਦ ਨੂੰ ਲੱਗਣ ਵਾਲਾ ਐਜ਼ੋਸਪਾਇਰਲਮ ਦਾ ਟੀਕਾ ਫਸਲ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਸਿਫਾਰਿਸ਼ ਖਾਦਾਂ ਅਤੇ ਹੋਰ ਪ੍ਰਬੰਧਕੀ ਸਿਫਾਰਿਸ਼ਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਦੌਰਾਨ ਡਾ. ਗਰਗ ਨੇ ਝੋਨੇ ਦੀ ਪਨੀਰੀ ਵਿੱਚ ਬੌਣੇ ਬੂਟਿਆਂ ਦੇ ਰੋਗ ਦੀ ਪਛਾਣ ਅਤੇ ਰੋਕਥਾਮ ਸਬੰਧੀ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ ਅਤੇ ਕਿਸਾਨਾਂ ਨੂੰ ਪਨੀਰੀ ਦੀ ਨਿਯਮਿਤ ਨਿਗਰਾਨੀ ਕਰਨ ਲਈ ਪ੍ਰੇਰਿਆ।
ਕੈਂਪ ਦੀ ਸਫਲਤਾ ਵਿੱਚ ਸ਼੍ਰੀ ਬਾਲ ਕ੍ਰਿਸ਼ਨ ਨੇ ਵਿਸ਼ੇਸ਼ ਯੋਗਦਾਨ ਪਾਇਆ। ਅੰਤ ਵਿੱਚ ਕਿਸਾਨਾਂ ਐਜ਼ੋਸਪਾਇਰਲਮ ਟੀਕੇ ਪ੍ਰਦਰਸ਼ਨੀ ਦੇ ਤੌਰ ‘ਤੇ ਦਿੱਤੇ ਗਏ। ਖੇਤੀ ਸਾਹਿਤ ਆਦਿ ਦੀ ਵਿਕਰੀ ਵੀ ਕੀਤੀ ਗਈ। ਕੈਂਪ ਦੌਰਾਨ ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਖੇਤੀਬਾੜੀ ਸਬੰਧੀ ਸਵਾਲਾਂ ਦੇ ਤਰਤੀਬ-ਬੱਧ ਅਤੇ ਵਿਗਿਆਨਕ ਢੰਗ ਨਾਲ ਜਵਾਬ ਦਿੱਤੇ ਗਏ।
ਅਖੀਰ ਵਿੱਚ ਡਾ. ਗਰਗ ਨੇ ਬਾਲ ਕ੍ਰਿਸ਼ਨ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਝੋਨੇ ਅਤੇ ਬਾਸਮਤੀ ਕਿਸਮਾਂ ਦੀਆਂ ਪਨੀਰੀਆਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਵਿੱਚ ਬੌਣੇ ਬੂਟਿਆਂ ਦੇ ਵਾਇਰਸ ਰੋਗ ਦੀ ਸੰਭਾਵਿਤ ਮੌਜੂਦਗੀ ਸਬੰਧੀ ਸਰਵੇਖਣ ਕੀਤਾ।