ਘਟਨਾ ਦੀ ਚਰਚਾ ਪੂਰੇ ਇਲਾਕੇ ਵਿੱਚ ਅਤੇ ਚਮਚਾ ਆਪਣੀ ਬੇਇੱਜ਼ਤੀ ਨੂੰ ਹਜ਼ਮ ਨਹੀਂ ਕਰ ਪਾ ਰਿਹਾ।
ਦਰਸ਼ਨ ਸਿੰਘ ਚੌਹਾਨ, Bol Punjab De, Buero,
ਸੁਨਾਮ
ਬੇਸ਼ੱਕ ਅਜੇ ਸੂਬੇ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਨਗਰ ਕੌਂਸਲ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰੰਤੂ ਚੋਣ ਸਰਗਰਮੀਆਂ ਦੇ ਨਵੇਂ ਰੂਪ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਜਿਹਾ ਹੀ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹੰਤ ਜੀ ਨੇ ਖੁਦ ਨੂੰ ਸਿਆਸਤ ਦਾ ਵੱਡਾ ਖਿਡਾਰੀ ਸਮਝਣ ਵਾਲੇ ਇੱਕ ਚਮਚੇ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ।
ਇਹ ‘ਖਾਸ’ ਚਮਚਾ ਆਪਣੀ ਚਾਲ ਚੱਲਣ ਲਈ ਮਹੰਤ ਜੀ ਦੇ ਦਰਬਾਰ ਵਿੱਚ ਪਹੁੰਚਿਆ। ਖੁਦ ਨੂੰ ਵੱਡਾ ਰਣਨੀਤੀਕਾਰ ਸਮਝਦਿਆਂ ਉਸ ਨੇ ਦਾਅ ਸੁੱਟਿਆ— “ਮਹੰਤ ਜੀ, ਆਪਣਾ ਵਾਰਡ ਛੱਡੋ ਅਤੇ ਮੰਡੀ ਵਾਲੇ ਵਾਰਡ ਤੋਂ ਚੋਣ ਲੜੋ। ਉੱਥੇ ਜਿੱਤ ਪੱਕੀ ਹੈ ਅਤੇ ਮੇਰੇ ਵੱਲੋਂ 50 ਹਜ਼ਾਰ ਰੁਪਏ ਦਾ ਚੋਣ ਫੰਡ ਵੀ ਦਿੱਤਾ ਜਾਵੇਗਾ!” ਮਹੰਤ ਜੀ ਭਾਵੇਂ ਨੌਜਵਾਨ ਹਨ, ਪਰ ਉਹ ਇੱਕ ਤਜਰਬੇਕਾਰ ਖਿਡਾਰੀ ਵਾਂਗ ਚਮਚੇ ਦੀ ਚਾਲ ਨੂੰ ਤੁਰੰਤ ਭਾਂਪ ਗਏ। ਉਨ੍ਹਾਂ ਨੇ ਬਿਨਾਂ ਦੇਰ ਕੀਤੇ ਅਜਿਹਾ ‘ਰਿਵਰਸ ਸਵਿੰਗ’ ਸੁੱਟਿਆ ਕਿ ਚਮਚਾ ਹੈਰਾਨ ਰਹਿ ਗਿਆ। ਮਹੰਤ ਜੀ ਬੋਲੇ, “ਭਾਈ, ਜੇਕਰ ਉੱਥੇ ਇੰਨਾ ਹੀ ਵਧੀਆ ਮਾਹੌਲ ਹੈ, ਤਾਂ ਤੁਸੀਂ ਖੁਦ ਹੀ ਉੱਥੋਂ ਚੋਣ ਕਿਉਂ ਨਹੀਂ ਲੜ ਲੈਂਦੇ? ਤੁਸੀਂ ਮੈਨੂੰ 50 ਹਜ਼ਾਰ ਦੇ ਰਹੇ ਹੋ, ਮੈਂ ਤੁਹਾਨੂੰ ਹੁਣੇ ਇੱਕ ਲੱਖ ਰੁਪਏ ਦਾ ਫੰਡ ਦੇਣ ਲਈ ਤਿਆਰ ਹਾਂ। ਜਾਓ, ਤਿਆਰੀ ਕਰੋ!”
ਇਹ ਸੁਣਦੇ ਹੀ ਚਮਚੇ ਦੇ ਚਿਹਰੇ ਦਾ ਰੰਗ ਉੱਡ ਗਿਆ। ਜਿਹੜਾ ਕੁਝ ਦੇਰ ਪਹਿਲਾਂ ਹਵਾ ਵਿੱਚ ਸੀ, ਉਹ ਹੁਣ ਕਮਰੇ ਵਿੱਚ ਲੁਕਣ ਲਈ ਜਗ੍ਹਾ ਲੱਭਣ ਲੱਗਾ। ਉਸ ਦੇ ਮੱਥੇ ਦਾ ਪਸੀਨਾ ਅਤੇ ਬੇਚਾਰਗੀ ਭਰੀ ਚੁੱਪ ਸਾਫ਼ ਕਹਿ ਰਹੀ ਸੀ ਕਿ ਸਿਆਸਤ ਵਿੱਚ ਦੂਜਿਆਂ ਲਈ ਟੋਡਾ ਪੁੱਟਣ ਵਾਲੇ ਅਕਸਰ ਖੁਦ ਹੀ ਉਸ ਵਿੱਚ ਡਿੱਗ ਜਾਂਦੇ ਹਨ। ਇਸ ਘਟਨਾ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਰਹੀ ਹੈ ਅਤੇ ਚਮਚਾ ਆਪਣੀ ਬੇਇੱਜ਼ਤੀ ਨੂੰ ਹਜ਼ਮ ਨਹੀਂ ਕਰ ਪਾ ਰਿਹਾ।