ਸ਼ੇਰਪੁਰ, 6 ਅਪ੍ਰੈਲ ( ਬਲਜੀਤ ਸਿੰਘ ਟਿੱਬਾ)Bol Punjab De, Buero
ਨੇੜਲੇ ਪਿੰਡ ਰੂੜਗੜ੍ਹ ਵਿੱਚ ਵਾਟਰ ਸਪਲਾਈ ਪ੍ਰਣਾਲੀ ਦੀ ਖਰਾਬ ਹਾਲਤ ਕਾਰਨ ਪਿੰਡ ਵਾਸੀਆਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿੰਡ ਵਿੱਚ ਕਈ ਥਾਵਾਂ ‘ਤੇ ਪਾਣੀ ਦੀਆਂ ਪਾਇਪਾਂ ਲੀਕ ਹੋਣ ਕਾਰਨ ਗੰਦਾ ਪਾਣੀ ਸਪਲਾਈ ਵਿੱਚ ਪੀਣ ਨੂੰ ਮਿਲ ਰਿਹਾ ਹੈ, ਜਿਸ ਨਾਲ ਸਿਹਤ ਸੰਬੰਧੀ ਖਤਰੇ ਵੀ ਵੱਧ ਰਹੇ ਹਨ। ਇਸ ਸਬੰਧੀ ਪਿੰਡ ਦੇ ਮੌਜੂਦਾ ਪੰਚ ਭੁਪਿੰਦਰ ਸਿੰਘ ਅਤੇ ਨੌਜਵਾਨ ਆਗੂ ਤੇਜਿੰਦਰ ਸਿੰਘ ਵੱਲੋਂ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧੀ ਬੀ.ਡੀ.ਪੀ.ਓ ਦਫਤਰ ਸ਼ੇਰਪੁਰ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਬਾਰੇ ਕਈ ਵਾਰ ਸਰਪੰਚ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਅਗਾਹ ਕੀਤਾ ਜਾ ਚੁੱਕਾ ਹੈ, ਪਰ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਲੀਕ ਹੋਈਆਂ ਪਾਇਪਾਂ ਰਾਹੀਂ ਗੰਦਾ ਪਾਣੀ ਮਿਲਣ ਕਾਰਨ ਲੋਕਾਂ ਨੂੰ ਮਜ਼ਬੂਰੀ ਵਿੱਚ ਇਹ ਪਾਣੀ ਪੀਣਾ ਪੈ ਰਿਹਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਪੰਚ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਤਕਰੀਬਨ ਤਿੰਨ ਮਹੀਨੇ ਪਹਿਲਾਂ ਪਾਣੀ ਵਾਲੀਆਂ ਪਾਈਪਾਂ ਬਦਲੀ ਕਰਨ ਦਾ ਮਤਾ ਵੀ ਪਾਇਆ ਗਿਆ ਹੈ ।
ਉਨ੍ਹਾਂ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਕਰਦੇ ਹੋਏ ਪਾਇਪਾਂ ਦੀ ਮੁਰੰਮਤ ਕਰਵਾ ਕੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਭੁਪਿੰਦਰ ਸਿੰਘ ਪੰਚ, ਤੇਜਿੰਦਰ ਸਿੰਘ, ਦਲਜੀਤ ਕੌਰ ,ਸਤਵਿੰਦਰ ਸਿੰਘ, ਨਾਜਰ ਸਿੰਘ ,ਮਲਕੀਤ ਸਿੰਘ ਸਾਬਕਾ ਸਰਪੰਚ, ਗੁਰਬਖਸ਼ੀਸ਼ ਸਿੰਘ, ਸੁਖਜਿੰਦਰ ਸਿੰਘ, ਅਰਸ਼ਦੀਪ ਸਿੰਘ , ਸੰਦੀਪ ਕੌਰ , ਹਰਜੀਤ ਕੌਰ , ਕਿਰਨਜੀਤ ਕੌਰ , ਬਲਜਿੰਦਰ ਕੌਰ ,ਜਸਵੀਰ ਕੌਰ , ਗੁਰਦੀਪ ਸਿੰਘ, ਸਤਨਾਮ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀਆਂ ਦੇ ਦਸਤਖਤਾਂ ਵਾਲਾ ਪ੍ਰੈਸ ਨੋਟ ਪੇਸ਼ ਕੀਤਾ।
ਕੀ ਕਿਹਾ ਸਰਪੰਚ ਨੇ –
ਇਸ ਸਬੰਧੀ ਜਦੋੰ ਪਿੰਡ ਦੀ ਸਰਪੰਚ ਬੀਬੀ ਕਰਮਜੀਤ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਵਾਟਰ ਸਪਲਾਈ ਪੰਚਾਇਤ ਦੇ ਅਧੀਨ ਹੈ ,ਜਿਸ ਕਾਰਨ ਜੇਈ ਵਾਟਰ ਸਪਲਾਈ ਨਾਲ ਗੱਲ ਕਰਕੇ ਟੀਮ ਬੁਲਾਈ ਗਈ ਹੈ ਜੋ ਜਲਦ ਹੀ ਇਸ ਦੀ ਮੁਰੰਮਤ ਲਈ ਆਵੇਗੀ। ਜਦੋਂ ਉਹਨਾਂ ਤੋਂ ਇਸ ਸਬੰਧੀ ਮਤਾ ਪਾਏ ਹੋਣ ਸਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਕੋਈ ਮਤਾ ਨਹੀਂ ਪਿਆ, ਇਹ ਵਿਰੋਧੀ ਧਿਰ ਵਾਲੇ ਹਨ ਜੋ ਸਾਡੇ ਕੰਮ ਵਿੱਚ ਅੜਿੱਕਾ ਲਾਓੰਦੇ ਆ ਰਹੇ ਹਨ ।
ਕੰਮ ਸਬੰਧੀ ਟੀਮ ਬੁਲਾਈ ਗਈ ਹੈ – ਜੇ ਈ
ਵਾਟਰ ਵਰਕਸ ਨਾਲ ਸੰਬੰਧਿਤ ਜੇਈ ਦਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਰਪੰਚ ਵੱਲੋਂ ਮੁੱਦਾ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਨੂੰ ਲੈ ਕੇ ਇਕ ਦੋ ਦਿਨਾਂ ਦੇ ਅੰਦਰ-ਅੰਦਰ ਲੀਕਜ ਦੀ ਸਮੱਸਿਆ ਨੂੰ ਖਤਮ ਕੀਤਾ ਜਾਵੇਗਾ ।
ਕੀ ਕਿਹਾ ਹੈਲਥ ਵਿਭਾਗ ਨੇ –
ਹੈਲਥ ਵਿਭਾਗ ਦੇ ਇੰਸਪੈਕਟਰ ਹਰਭਗਵਾਨ ਸਿੰਘ ਨੇ ਕਿਹਾ ਕਿ ਅਸੀਂ ਸਮੇਂ-ਸਮੇਂ ਪਿੰਡ ਵਿੱਚ ਡੇਂਗੂ ਦੇ ਲਾਰਵੇ ਸਬੰਧੀ ਜਾਂਚ ਕਰਦੇ ਹਾਂ, ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ ਇਸ ਸਬੰਧੀ ਜਲਦੀ ਹੀ ਰਿਪੋਰਟ ਬਣਾਈ ਜਾਵੇਗੀ।