Headlines

ਸ਼ਹਿਰ ਨੂੰ ਸਾਫ਼,ਸੁਥਰਾ ਅਤੇ ਸੁੰਦਰ ਬਣਾਉਣ ਲਈ ਨਗਰ ਕੌਂਸਲ ਦੀ ਵਿਸ਼ੇਸ਼ ਸਫ਼ਾਈ  ਮੁਹਿੰਮ ਜਾਰੀ- ਚੰਦਰ ਪ੍ਰਕਾਸ਼ ਵਧਵਾ

·         ਕਿਹਾ,ਨਾਗਰਿਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਅਤੇ ਸਮਾਂਬੱਧ ਸੇਵਾਵਾਂ ਦੇਣ ਲਈ ਨਗਰ ਕੌਂਸਲ ਵਚਨਬੱਧ

ਮਾਲੇਰਕੋਟਲਾ, 13 ਜੂਨ Bol Punjab De, Buero 

ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰੀ ਖੇਤਰਾਂ ਵਿੱਚ ਸਾਫ਼-ਸੁਥਰਾ ਅਤੇ ਸੁੰਦਰ ਵਾਤਾਵਰਣ ਬਣਾਏ ਰੱਖਣ ਲਈ ਨਗਰ ਕੌਂਸਲ ਮਾਲੇਰਕੋਟਲਾ ਵਲੋਂ ਵਿਸ਼ੇਸ਼ ਸਫਾਈ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫਾਈ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

ਕਾਰਜ ਸਾਧਕ ਅਫਸਰ ਨਗਰ ਕੌਂਸਲ ਮਾਲੇਰਕੋਟਲਾ ਚੰਦਰ ਪ੍ਰਕਾਸ਼ ਵਧਵਾ ਨੇ ਦੱਸਿਆ ਕਿ ਮਾਨਯੋਗ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਹ ਵਿਸ਼ੇਸ਼ ਸਫਾਈ ਮੁਹਿੰਮ ਸ਼ਹਿਰ ਨੂੰ ਹੋਰ ਸੁੰਦਰ ਅਤੇ ਸਾਫ਼ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਜੇ.ਸੀ.ਬੀ. ਮਸ਼ੀਨਾਂ, ਟਿੱਪਰਾਂ ਅਤੇ ਸਫ਼ਾਈ ਅਮਲੇ ਦੀ ਮਦਦ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ, ਪੁਲਾਂ, ਜਨਤਕ ਥਾਵਾਂ ਅਤੇ ਖਾਲੀ ਪਏ ਪਲਾਟਾਂ ਦੀ ਰੋਜ਼ਾਨਾ ਸਫਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੂੜੇ ਦੇ ਢੇਰਾਂ ਨੂੰ ਹਟਾਉਣ ਅਤੇ ਗੰਦਗੀ ਵਾਲੇ ਸਥਾਨਾਂ ਦੀ ਵਿਸ਼ੇਸ਼ ਤੌਰ ’ਤੇ ਸਫਾਈ ਯਕੀਨੀ ਬਣਾਈ ਜਾ ਰਹੀ ਹੈ।

ਚੰਦਰ ਪ੍ਰਕਾਸ਼ ਵਧਵਾ ਨੇ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਸਵੇਰੇ 7 ਵਜੇ ਤੋਂ 8 ਵਜੇ ਤੱਕ ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ ਅਤੇ ਕੰਮਕਾਜ ਦੀ ਨਿਗਰਾਨੀ ਲਈ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ। ਉਹ ਖੁਦ ਅਤੇ ਵਧੀਕ ਡਿਪਟੀ ਕਮਿਸ਼ਨਰ ਰੋਜ਼ਾਨਾ ਸਵੇਰੇ ਮੈਦਾਨ ਵਿੱਚ ਜਾ ਕੇ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹਨ।

ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਨਾਗਰਿਕ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਮਾਂਬੱਧ ਬਣਾਉਣ ਲਈ ਨਗਰ ਕੌਂਸਲ ਪੂਰੀ ਤਰ੍ਹਾਂ ਤਤਪਰ ਹੈ। ਸ਼ਹਿਰ ਵਾਸੀਆਂ ਨੂੰ ਬਿਹਤਰ ਸਫ਼ਾਈ, ਸਾਫ਼ ਵਾਤਾਵਰਣ ਅਤੇ ਮਿਆਰੀ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਇਹ ਮੁਹਿੰਮ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗੀ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਫ਼ਾਈ ਮੁਹਿੰਮ ਵਿੱਚ ਸਹਿਯੋਗ ਦੇਣ, ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖ ਕੇ ਇੱਕ ਸੁੰਦਰ ਅਤੇ ਸਿਹਤਮੰਦ ਮਾਲੇਰਕੋਟਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

Leave a Reply

Your email address will not be published. Required fields are marked *