Headlines

ਮੁਸਲਿਮ ਭਾਈਚਾਰੇ ਨੂੰ ਖਾਸ ਅਪੀਲ

ਈਦ ਉਲ ਅਜ਼ਹਾ ਮੌਕੇ ਸਫਾਈ, ਅਮਨ ਅਤੇ ਇਨਸਾਨੀਅਤ ਦਾ ਖਾਸ ਧਿਆਨ ਰੱਖਿਆ ਜਾਵੇ : ਮੁਫਤੀ ਅਬਦੁਲ ਮਾਲਿਕ ਕਾਸਮੀ

ਅਸ਼ਰਫ ਅਨਸਾਰੀ, ਮਾਲੇਰਕੋਟਲਾ Bol Punjab De, Buero 

ਈਦ ਉਲ ਅਜ਼ਹਾ ਦੇ ਪਵਿੱਤਰ ਤਿਉਹਾਰ ਮੌਕੇ ਮੁਫਤੀ ਅਬਦੁਲ ਮਾਲਿਕ ਕਾਸਮੀ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਰਬਾਨੀ ਦੇ ਇਸ ਮੁਕੱਦਸ ਦਿਨਾਂ ਵਿੱਚ ਸਫਾਈ, ਸੁਚੱਜੇ ਪ੍ਰਬੰਧ ਅਤੇ ਆਪਸੀ ਭਾਈਚਾਰੇ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸਲਾਮ ਸਾਨੂੰ ਪਾਕੀਜ਼ਗੀ, ਇਨਸਾਨੀਅਤ ਅਤੇ ਦੂਜਿਆਂ ਦੀ ਸਹੂਲਤ ਦਾ ਪਾਠ ਪੜ੍ਹਾਉਂਦਾ ਹੈ, ਇਸ ਲਈ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਸਾਫ ਸੁਥਰਾ ਰੱਖੇ।

ਉਨ੍ਹਾਂ ਕਿਹਾ ਕਿ ਕੁਰਬਾਨੀ ਕਰਨ ਮੌਕੇ ਜਾਨਵਰਾਂ ਦੀ ਜੋ ਵੀ ਵੇਸਟੇਜ ਜਾਂ ਬਚਿਆ ਹੋਇਆ ਸਮਾਨ ਹੋਵੇ, ਉਸ ਨੂੰ ਸੜਕਾਂ, ਗਲੀਆਂ ਜਾਂ ਖੁੱਲ੍ਹੀਆਂ ਥਾਵਾਂ ’ਤੇ ਨਾ ਸੁੱਟਿਆ ਜਾਵੇ। ਅਜਿਹਾ ਕਰਨ ਨਾਲ ਨਾ ਸਿਰਫ ਗੰਦਗੀ ਫੈਲਦੀ ਹੈ, ਸਗੋਂ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ।

ਮੁਫਤੀ ਸਾਹਿਬ ਨੇ ਕਿਹਾ ਕਿ ਕੁਰਬਾਨੀ ਵਾਲੀ ਥਾਂ ਨੂੰ ਤੁਰੰਤ ਸਾਫ ਕੀਤਾ ਜਾਵੇ ਅਤੇ ਨਗਰ ਕੌਂਸਲ ਵੱਲੋਂ ਜਾਰੀ ਕੀਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਜਾਂ ਢੱਕੇ ਹੋਏ ਡੱਬਿਆਂ ਵਿੱਚ ਵੇਸਟੇਜ ਇਕੱਠੀ ਕਰਕੇ ਨਿਰਧਾਰਿਤ ਥਾਵਾਂ ’ਤੇ ਹੀ ਸੁੱਟਣ ਦੀ ਅਪੀਲ ਕੀਤੀ।

ਉਨ੍ਹਾਂ ਹੋਰ ਕਿਹਾ ਕਿ ਈਦ ਦਾ ਤਿਉਹਾਰ ਸਿਰਫ ਖੁਸ਼ੀਆਂ ਮਨਾਉਣ ਦਾ ਹੀ ਨਹੀਂ, ਸਗੋਂ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦਾ ਵੀ ਪੈਗਾਮ ਦਿੰਦਾ ਹੈ। ਸਫਾਈ, ਅਮਨ ਅਤੇ ਆਪਸੀ ਸਤਿਕਾਰ ਨਾਲ ਮਨਾਈ ਗਈ ਈਦ ਸਮਾਜ ਵਿੱਚ ਚੰਗਾ ਸੰਦੇਸ਼ ਪਹੁੰਚਾਉਂਦੀ ਹੈ।

ਅੰਤ ਵਿੱਚ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਈਦ ਉਲ ਅਜ਼ਹਾ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਭ ਮਿਲਜੁਲ ਕੇ ਤਿਉਹਾਰ ਨੂੰ ਪਿਆਰ, ਅਮਨ ਅਤੇ ਸਾਫ ਸੁਥਰੇ ਮਾਹੌਲ ਵਿੱਚ ਮਨਾਉਣ।

Leave a Reply

Your email address will not be published. Required fields are marked *