*ਵਾਹਨਾਂ ਰਾਹੀਂ ਨਸ਼ਿਆਂ ਖਿਲਾਫ ਪ੍ਰਚਾਰ ਕਰਨ ਤੋਂ ਇਲਾਵਾ ਸ਼ਿਕਾਇਤਾਂ ਵੀ ਇਕੱਠੀਆਂ ਕੀਤੀਆਂ ਜਾਣਗੀਆਂ
ਸੰਗਰੂਰ , 15 ਜੂਨ Bol Punjab De, Buero
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਸਬੰਧੀ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਐਸਡੀਐਮ ਦਫਤਰ ਦਿੜਬਾ ਵੱਲੋਂ ਵਿੱਤ ਮੰਤਰੀ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਪ੍ਰਚਾਰ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੇ।
ਇਹ ਵਾਹਨ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਣਗੇ ਅਤੇ ਇਹਨਾਂ ਰਾਹੀਂ ਨਸ਼ਿਆਂ ਖਿਲਾਫ ਪ੍ਰਚਾਰ ਕਰਨ ਤੋਂ ਇਲਾਵਾ ਸ਼ਿਕਾਇਤਾਂ ਵੀ ਇਕੱਠੀਆਂ ਕੀਤੀਆਂ ਜਾਣਗੀਆਂ। ਵਿੱਤ ਮੰਤਰੀ ਸ੍ਰ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਹਲਕਾ ਦਿੜਬਾ ਅੰਦਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਨਿਗਰਾਨੀ ਹੇਠ ਅੱਜ ਐਸਡੀਐਮ ਦਫਤਰ ਦਿੜਬਾ ਤੋਂ ਦੋ ਵਾਹਨ ਰਵਾਨਾ ਕੀਤੇ ਹਨ।
ਇਹ ਵਾਹਨ ਜਿੱਥੇ ਪਿੰਡਾਂ ਵਿੱਚ ਨਸ਼ੇ ਦੇ ਖਿਲਾਫ ਪ੍ਰਚਾਰ ਕਰਨਗੇ ਅਤੇ ਇਸ ਦੇ ਨਾਲ ਹੀ ਇਹਨਾਂ ਦੇ ਅੰਦਰ ਇੱਕ ਬਕਸਾ ਲੱਗਿਆ ਹੋਇਆ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਗੁਪਤ ਰੂਪ ਵਿੱਚ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਕਰਨ ਵਾਲੇ ਦਾ ਨਾਂ ਲਿਖ ਕੇ ਪਰਚੀ ਪਾ ਸਕਦਾ ਹੈ। ਪਰਚੀ ਪਾਉਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
ਆਮ ਵੇਖਣ ਵਿੱਚ ਆਇਆ ਹੈ ਕਿ ਲੋਕ ਡਰ ਕਾਰਨ ਕਿਸੇ ਵੀ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਕਰਨ ਵਾਲੇ ਦਾ ਨਾਂ ਨਹੀਂ ਦੱਸਦੇ ਪਰ ਇਸ ਮੁਹਿੰਮ ਤਹਿਤ ਕੋਈ ਵੀ ਗੁਪਤ ਰੂਪ ਦੇ ਵਿੱਚ ਆਪਣਾ ਨਾਮ ਨਾ ਲਿਖੇ ਬਗੈਰ ਹੀ ਨਸ਼ਾ ਵੇਚਣ ਵਾਲੇ ਦਾ ਜਾਂ ਨਸ਼ਾ ਕਰਨ ਵਾਲੇ ਦਾ ਨਾਂ ਲਿਖ ਕੇ ਇਸ ਬਕਸੇ ਵਿੱਚ ਪਾ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਸਫਲਤਾ ਪੂਰਵਕ ਚੱਲ ਰਹੀ ਹੈ।
ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪਿੰਡਾਂ ਅੰਦਰ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਹਰ ਸਵੇਰ ਜਾਂ ਸ਼ਾਮ ਸਟੇਡੀਅਮ ਵਿੱਚ ਨੌਜਵਾਨ ਖੇਡਦੇ ਨਜ਼ਰ ਆਉਂਦੇ ਹਨ।
ਇਸ ਮੌਕੇ ਐਸਡੀਐਮ ਦਿੜ੍ਹਬਾ ਤਰਸੇਮ ਚੰਦ, ਰਣਜੀਤ ਸਿੰਘ ਖੇਤਲਾ, ਹਰਪ੍ਰੀਤ ਸਿੰਘ , ਗੁਰਦੀਪ ਸਿੰਘ ਅਤੇ ਹੋਰ ਹਾਜ਼ਰ ਸਨ