Headlines

ਸੁਨਾਮ ਵਿਖੇ ਐਨ ਓ ਸੀ ਨਾ ਦੇਣ ਦਾ ਮਾਮਲਾ ਗਰਮਾਇਆ 

** ਦਾਮਨ ਬਾਜਵਾ ਸਣੇ ਵਿਰੋਧੀਆਂ ਨੇ ਦਿੱਤਾ ਈਓ ਦਫ਼ਤਰ ਚ, ਧਰਨਾ

** ਘੰਟਿਆਂਬੱਧੀ ਚੱਲਦਾ ਰਿਹਾ ਹਾਈ ਵੋਲਟੇਜ ਡਰਾਮਾ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਨਗਰ ਕੌਂਸਲ ਚੋਣਾਂ ਲੜਣ ਦੇ ਚਾਹਵਾਨਾਂ ਨੂੰ ਸੁਨਾਮ ਦੇ ਕੌਂਸਲ ਪ੍ਰਸ਼ਾਸਨ ਵੱਲੋਂ ਐਨ ਓ ਸੀ ਦੇਣ ਵਿੱਚ ਕੀਤੀ ਜਾ ਰਹੀ ਆਨਾਕਾਨੀ ਦੇ ਰੋਸ ਵਜੋਂ ਵੀਰਵਾਰ ਨੂੰ ਸੁਨਾਮ ਵਿਖੇ ਆਮ ਆਦਮੀ ਪਾਰਟੀ ਨੂੰ ਛੱਡਕੇ ਵਿਰੋਧੀ ਧਿਰ ਇੱਕਜੁਟ ਦਿਖਾਈ ਦਿੱਤੀ। ਰੋਹ ਵਿੱਚ ਆਏ ਆਗੂਆਂ ਨੇ ਆਪਣੇ ਸਮਰਥਕਾਂ ਸਮੇਤ ਕਾਰਜ਼ ਸਾਧਕ ਅਫ਼ਸਰ ਦੇ ਦਫ਼ਤਰ ਵਿੱਚ ਧਰਨਾ ਦੇਕੇ ਕੌਂਸਲ ਪ੍ਰਸ਼ਾਸਨ ਅਤੇ ਹਾਕਮ ਧਿਰ ਦੇ ਆਗੂਆਂ ਨੂੰ ਘੇਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਖਿਆ ਕਿ ਅਜਿਹਾ ਵਰਤਾਰਾ ਲੋਕਤੰਤਰ ਦਾ ਘਾਣ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਵਿੱਚ ਧਰਨਾ ਦੇ ਰਹੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਕਾਂਗਰਸ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਧੀਮਾਨ , ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਮਨਬੀਰ ਸਿੰਘ ਚੈਰੀ, ਕਾਂਗਰਸ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਕਿਹਾ ਕਿ ਅਜੋਕੇ ਸਮੇਂ ਪ੍ਰਸ਼ਾਸਨ ਸਿਰਫ਼ ਰਬੜ ਦੀ ਮੋਹਰ ਬਣਿਆ ਹੋਇਆ ਹੈ। ਹਾਕਮ ਧਿਰ ਹਾਰ ਦੇ ਡਰੋਂ ਵਿਰੋਧੀ ਉਮੀਦਵਾਰਾਂ ਨੂੰ ਐਨ ਓ ਸੀ ਦੇਣ ਤੋਂ ਰੋਕਣ ਦੇ ਯਤਨ ਕਰ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸੂਬੇ ਦੀ ਹਾਕਮ ਧਿਰ ਨਾਲ ਸਬੰਧਿਤ ਨਗਰ ਕੌਂਸਲ ਚੋਣਾਂ ਲੜਣ ਲਈ ਸੰਭਾਵੀ ਉਮੀਦਵਾਰਾਂ ਨੂੰ ਕੋਈ ਇਤਰਾਜ਼ ਨਹੀਂ ਦੇ ਸਰਟੀਫਿਕੇਟ ਰਾਤੋ-ਰਾਤ ਦੇ ਦਿੱਤੇ ਗਏ ਹਨ। ਧਰਨੇ ਤੇ ਬੈਠੇ ਆਗੂਆਂ ਨੇ ਅਜਿਹੇ ਵਰਤਾਰੇ ਨੂੰ ਹਾਕਮ ਧਿਰ ਦੀ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਲਈ ਬਣਾਈ ਗਈ ਇੱਕ ਗਿਣੀ-ਮਿਥੀ ਸਾਜ਼ਿਸ਼ ਵਜੋਂ ਨਿੰਦਾ ਕੀਤੀ। ਵਿਰੋਧੀ ਧਿਰ ਦੇ ਆਗੂਆਂ ਵੱਲੋਂ ਨਗਰ ਕੌਂਸਲ ਵਿਖੇ ਧਰਨਾ ਦਿੱਤੇ ਜਾਣ ਦੇ ਕੁੱਝ ਸਮੇਂ ਬਾਅਦ, ਕਾਰਜ਼ ਸਾਧਕ ਅਫ਼ਸਰ ਆਪਣੇ ਦਫ਼ਤਰ ਪਹੁੰਚੇ ਅਤੇ ਕਈ ਸੰਭਾਵੀ ਉਮੀਦਵਾਰਾਂ ਨੂੰ ਐਨਓਸੀ ਜਾਰੀ ਕਰਨ ਲਈ ਪ੍ਰੀਕਿਰਿਆ ਸ਼ੁਰੂ ਕੀਤੀ। ਇਸ ਮੌਕੇ ਘਣਸ਼ਿਆਮ ਕਾਂਸਲ, ਮੋਨਿਕਾ ਗੋਇਲ, ਸੁੱਖੀ ਜਿੰਮ, ਰਾਜੀਵ ਮੱਖਣ, ਹਾਕਮ ਸਿੰਘ, ਰਿੰਕੂ ਆਲਮਪੁਰੀਆ , ਰਾਣਾ ਬਾਲਟੀਆਂ ਵਾਲਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *