- ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ
ਮਾਲੇਰਕੋਟਲਾ, 20 ਜੂਨ Bol Punjab De, Buero
ਤੰਦਰੁਸਤ ਅਤੇ ਸੰਤੁਲਿਤ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਨ ਲਈ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ ਨੂੰ ਸਵੇਰੇ 6 ਵਜੇ ਤੋਂ 7 ਵਜੇ ਤੱਕ ਜ਼ਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ ਵਿੱਚ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਸਮਾਗਮ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਨੋਡਲ ਅਫਸਰ ਡਾ. ਵਾਹਿਦ ਮੁਹੰਮਦ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਉਦਦੇਸ਼ ਲੋਕਾਂ ਵਿੱਚ ਯੋਗ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਜਕੱਲ ਦੇ ਤਣਾਅ ਭਰੇ ਜੀਵਨ ਵਿੱਚ ਯੋਗ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ ਜੋ ਮਨ ਅਤੇ ਸਰੀਰ ਵਿੱਚ ਸੰਤੁਲਨ ਬਣਾ ਕੇ ਵਿਅਕਤੀ ਨੂੰ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਊਣ ਲਈ ਪ੍ਰੇਰਿਤ ਕਰਦਾ ਹੈ। ਸਮਾਗਮ ਦੌਰਾਨ ਸਾਂਝੇ ਯੋਗ ਅਭਿਆਸ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਯੋਗ ਮਾਹਿਰਾਂ ਵਲੋਂ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਦੀਆਂ ਵਿਧੀਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਭਾਗੀਦਾਰਾਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।
ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਯੋਗ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਣ ਦਾ ਸੰਕਲਪ ਲੈਣ, ਤਾਂ ਜੋ ਇੱਕ ਤੰਦਰੁਸਤ, ਖੁਸ਼ਹਾਲ ਅਤੇ ਨਿਰੋਗ ਸਮਾਜ ਦੀ ਰਚਨਾ ਕੀਤੀ ਜਾ ਸਕੇ।