Headlines

ਸੰਗਰੂਰ ਵਿਧਾਨ ਸਭਾ ਹਲਕੇ ਦੇ ਲੇਬਰ ਚੌਂਕ ਵਿਖੇ ਮਜ਼ਦੂਰ ਦਿਵਸ ਦੇ ਮੌਕੇ ‘ਤੇ ਮਜ਼ਦੂਰਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਜੈ ਇੰਦਰ ਸਿੰਗਲਾ

Bol Punjab De, Buero

ਸੰਗਰੂਰ, 1 ਮਈ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸੰਗਰੂਰ ਦੇ ਸਾਬਕਾ ਸੰਸਦ ਮੈਂਬਰ ਨੇ ਸਾਰੇ ਮਜ਼ਦੂਰਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਮਜ਼ਦੂਰਾਂ ਨੂੰ ਪੰਜਾਬ ਦੀ ਤਰੱਕੀ ਦੇ ਪਹੀਏ ਦਾ ਇੱਕ ਅਹਿਮ ਹਿੱਸਾ ਦੱਸਿਆ। ਇਸ ਮੌਕੇ ‘ਤੇ ਉਨ੍ਹਾਂ ਵੱਲੋਂ ਮਜ਼ਦੂਰਾਂ ਵਿੱਚ ਮਿਠਾਈਆਂ ਵੀ ਵੰਡੀਆਂ ਗਈਆਂ।

ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸੇ ਵੀ ਲੋਕਤੰਤਰ ਦੀ ਅਸਲ ਤਾਕਤ ਉਸਦੇ ਮਜ਼ਦੂਰਾਂ ਦੇ ਕਾਨੂੰਨੀ ਹੱਕਾਂ ਅਤੇ ਸਨਮਾਨ ਵਿੱਚ ਹੁੰਦੀ ਹੈ। ਉਨ੍ਹਾਂ ਭਾਜਪਾ ਤੇ ਹਮਲਾ ਕਰਦਾ ਹੋਇਆ ਕਿ ਕੇਂਦਰ ਸਰਕਾਰ ਨੇ ‘ਵੀ.ਬੀ. ਜੀ-ਰਾਮ ਜੀ’ ਕਾਨੂੰਨ ਪਾਸ ਕਰਕੇ ਮਜ਼ਦੂਰਾਂ ਦੇ ਕੰਮ ਮੰਗਣ ਦੇ ਮੂਲ ਹੱਕ ਨੂੰ ਪਹਿਲਾਂ ਹੀ ਕਮਜ਼ੋਰ ਕਰ ਦਿੱਤਾ ਹੈ ਅਤੇ ਇਸਨੂੰ ਕੇਂਦਰ ਦੀ ਮਰਜ਼ੀ ਨਾਲ ਜੋੜ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਮਨਰੇਗਾ ਹੇਠ ਲਗਭਗ 90 ਫੀਸਦੀ ਖਰਚਾ ਕੇਂਦਰ ਸਰਕਾਰ ਚੁੱਕਦੀ ਸੀ, ਪਰ ਹੁਣ ਲਗਭਗ 40 ਫੀਸਦੀ ਬੋਝ ਸੂਬਿਆਂ ‘ਤੇ ਪਾ ਦਿੱਤਾ ਗਿਆ ਹੈ। “ਪੰਜਾਬ ਵਰਗੇ ਸੂਬੇ ਲਈ ਇਹ ਵਾਧੂ ਬੋਝ ਝੱਲਣਾ ਬਹੁਤ ਮੁਸ਼ਕਲ ਹੈ ਅਤੇ ਇਸਦਾ ਸਿੱਧਾ ਅਸਰ ਮਜ਼ਦੂਰਾਂ ਨੂੰ ਮਿਲਣ ਵਾਲੇ ਰੋਜ਼ਗਾਰ ‘ਤੇ ਪਵੇਗਾ,” ਉਨ੍ਹਾਂ ਕਿਹਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਾਨੂੰਨ ਨਾਲ ਪੰਚਾਇਤਾਂ ਦੀ ਤਾਕਤ ਨੂੰ ਵੀ ਕਮਜ਼ੋਰ ਕੀਤਾ ਗਿਆ ਹੈ। “ਹੁਣ ਪਿੰਡਾਂ ਦੇ ਫੈਸਲੇ ਗ੍ਰਾਮ ਸਭਾਵਾਂ ਦੀ ਬਜਾਏ ਦਿੱਲੀ ਵਿੱਚ ਬੈਠੇ ਅਧਿਕਾਰੀ ਕਰਨਗੇ, ਜੋ ਕਿ ਪਿੰਡਾਂ ਦੀ ਖੁਦਮੁਖਤਿਆਰੀ ਲਈ ਨੁਕਸਾਨਦੇਹ ਹੈ,” ਉਨ੍ਹਾਂ ਕਿਹਾ।

ਇਸਨੂੰ ਦੇਸ਼ ਦੇ ਸੰਘੀ ਢਾਂਚੇ ਅਤੇ ਗਰੀਬ ਵਰਗ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ, “ਇਹ ਸਿਰਫ਼ ਨੀਤੀ ਦਾ ਬਦਲਾਅ ਨਹੀਂ, ਸਗੋਂ ਮਜ਼ਦੂਰਾਂ ਦੀ ਜ਼ਿੰਦਗੀ, ਸਨਮਾਨ ਅਤੇ ਅਧਿਕਾਰਾਂ ‘ਤੇ ਵੱਡੀ ਚੋਟ ਹੈ।”

ਰਾਜ ਸਰਕਾਰ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮਜ਼ਦੂਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਨਾਕਾਮ ਰਹੀ ਹੈ। “ਜਦੋਂ ਮਜ਼ਦੂਰਾਂ ਨੂੰ ਮਜ਼ਬੂਤ ਸਹਾਰੇ ਅਤੇ ਨੀਤੀਆਂ ਦੀ ਲੋੜ ਸੀ, ਉਸ ਵੇਲੇ ਰਾਜ ਸਰਕਾਰ ਬੇਪਰਵਾਹ ਅਤੇ ਅਸਰਹੀਣ ਸਾਬਤ ਹੋਈ ਹੈ,” ਉਨ੍ਹਾਂ ਕਿਹਾ।

ਮਜ਼ਦੂਰਾਂ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਰਹੀ ਹੈ ਅਤੇ ਰਹੇਗੀ। “ਜੇ ਸਰਕਾਰਾਂ ਤੁਹਾਡੇ ਤੋਂ ਮੂੰਹ ਮੋੜ ਲੈਣ, ਤਾਂ ਯਾਦ ਰੱਖੋ ਕਿ ਕਾਂਗਰਸ ਪਾਰਟੀ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਹੈ। ਅਸੀਂ ਹਮੇਸ਼ਾ ਮਜ਼ਦੂਰਾਂ ਦੇ ਸਨਮਾਨ ਨੂੰ ਆਪਣਾ ਮਾਣ ਸਮਝਿਆ ਹੈ ਅਤੇ ਅੱਗੇ ਵੀ ਤੁਹਾਡੇ ਹੱਕਾਂ ਲਈ ਲੜਦੇ ਰਹਾਂਗੇ,” ਉਨ੍ਹਾਂ ਕਿਹਾ।

ਅੰਤ ਵਿੱਚ ਉਨ੍ਹਾਂ ਕਿਹਾ, “ਤੁਹਾਡੇ ਬੱਚਿਆਂ ਦਾ ਭਵਿੱਖ ਅਤੇ ਤੁਹਾਡਾ ਸਨਮਾਨ ਮੇਰੀ ਅਤੇ ਕਾਂਗਰਸ ਪਾਰਟੀ ਦੀ ਨਿੱਜੀ ਜ਼ਿੰਮੇਵਾਰੀ ਹੈ। ਸਰਕਾਰਾਂ ਆਪਣੀ ਕਲਮ ਨਾਲ ਤੁਹਾਡੇ ਹੱਕ ਕੱਟ ਸਕਦੀਆਂ ਹਨ, ਪਰ ਜਦੋਂ ਤੱਕ ਅਸੀਂ ਖੜੇ ਹਾਂ, ਅਸੀਂ ਤੁਹਾਡੇ ਘਰਾਂ ਦੇ ਚੁੱਲ੍ਹੇ ਠੰਢੇ ਨਹੀਂ ਹੋਣ ਦੇਵਾਂਗੇ। ਤੁਹਾਡੀ ਲੜਾਈ ਹੁਣ ਮੇਰੀ ਲੜਾਈ ਹੈ।”

Leave a Reply

Your email address will not be published. Required fields are marked *