Headlines

ਦਾਮਨ ਬਾਜਵਾ ਨੇ ਈਓ ਦੀ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ 

Oplus_16908288

** ਵੋਟਰ ਸੂਚੀਆਂ ਨਾ ਮਿਲਣ ਤੇ ਭੜਕੀਆਂ ਵਿਰੋਧੀ ਧਿਰਾਂ 

** ਐਸਡੀਐਮ ਦੇ ਦਖਲ ਤੋਂ ਬਾਅਦ ਹਰਕਤ ਵਿੱਚ ਆਇਆ ਪ੍ਰਸ਼ਾਸਨ,

** ਲੋੜੀਂਦੀ ਫੀਸ ਲੈਕੇ ਸਿਆਸੀ ਪਾਰਟੀਆਂ ਨੂੰ ਸੌਂਪੀਆਂ ਵੋਟਰ ਸੂਚੀਆਂ

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਆਗਾਮੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੁਨਾਮ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਵਾਰਡਾਂ ਦੀ ਨਵੀਂ ਹੱਦਬੰਦੀ ਤਹਿਤ ਜਾਰੀ ਹੋਈਆਂ ਵੋਟਰ ਸੂਚੀਆਂ ਨੂੰ ਲੈਕੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਵਿਰੋਧੀ ਧਿਰਾਂ ਵਿਚਾਲੇ ਤਕਰਾਰ ਵਧ ਗਈ ਹੈ। ਸ਼ਨਿੱਚਰਵਾਰ ਨੂੰ ਉਕਤ ਵਿਵਾਦ ਉਸ ਸਮੇਂ ਸਿਖਰ ‘ਤੇ ਪਹੁੰਚ ਗਿਆ, ਜਦੋਂ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫਸਰ ਦੀ ‘ਗੁੰਮਸ਼ੁਦਗੀ’ ਦੇ ਪੋਸਟਰ ਲੈਕੇ ਕੌਂਸਲ ਦਫ਼ਤਰ ਪਹੁੰਚ ਗਏ ਅਤੇ ਨੋਟਿਸ ਬੋਰਡ ਤੇ ਪੋਸਟਰ ਚਿਪਕਾ ਦਿੱਤੇ।

ਕੌਂਸਲ ਪ੍ਰਸ਼ਾਸਨ ‘ਤੇ ‘ਕਠਪੁਤਲੀ’ ਬਣਨ ਦੇ ਦੋਸ਼** 

ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਦੋਸ਼ ਲਾਇਆ ਕਿ ਪਿਛਲੇ ਕਈ ਦਿਨਾਂ ਤੋਂ ਵਿਰੋਧੀ ਧਿਰਾਂ ਨਵੀਂ ਹੱਦਬੰਦੀ ਦੇ ਅਨੁਸਾਰ ਵੋਟਰ ਸੂਚੀਆਂ ਦੀ ਮੰਗ ਕਰ ਰਹੀਆਂ ਹਨ, ਪਰ ਅਧਿਕਾਰੀ ਜਾਣਬੁੱਝ ਕੇ ਦੇਰੀ ਕਰ ਰਹੇ ਹਨ। ਉਨ੍ਹਾਂ ਕਿਹਾ, ” ਕਾਰਜ਼ ਸਾਧਕ ਅਫ਼ਸਰ ਦਫ਼ਤਰ ਤੋਂ ਗੈਰ-ਹਾਜ਼ਰ ਹਨ ਅਤੇ ਫ਼ੋਨ ਤੱਕ ਨਹੀਂ ਚੁੱਕ ਰਹੇ। ਅਜਿਹਾ ਲੱਗਦਾ ਹੈ ਕਿ ਕੌਂਸਲ ਪ੍ਰਸ਼ਾਸਨ ਸੱਤਾਧਾਰੀ ਪੱਖ ਦੀ ਕਠਪੁਤਲੀ ਬਣਕੇ ਕੰਮ ਕਰ ਰਿਹਾ ਹੈ, ਜੋ ਲੋਕਤੰਤਰ ਲਈ ਬੇਹੱਦ ਘਾਤਕ ਹੈ।” ਇਸੇ ਦੌਰਾਨ ਕਾਂਗਰਸ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਵੀ ਆਪਣੇ ਸਮਰਥਕਾਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕੇ।

ਵਿਰੋਧੀ ਧਿਰਾਂ ਦੇ ਸਖ਼ਤ ਤੇਵਰਾਂ ਅਤੇ ਦਫ਼ਤਰ ਵਿੱਚ ਹੋਏ ਹੰਗਾਮੇ ਤੋਂ ਬਾਅਦ ਮਾਮਲਾ ਸਥਾਨਕ ਐਸਡੀਐਮ ਦੇ ਧਿਆਨ ਵਿੱਚ ਲਿਆਂਦਾ ਗਿਆ। ਐਸਡੀਐਮ ਦੇ ਦਖਲ ਤੋਂ ਬਾਅਦ ਕੌਂਸਲ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਇਸ ਤੋਂ ਬਾਅਦ ਨਿਰਧਾਰਿਤ ਫੀਸ ਜਮ੍ਹਾ ਕਰਵਾ ਕੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਵੀਂਆਂ ਵੋਟਰ ਸੂਚੀਆਂ ਮੁਹੱਈਆ ਕਰਵਾਈਆਂ ਗਈਆਂ।

ਲੋਕਤੰਤਰੀ ਵਿਵਸਥਾ ਨਾਲ ਖਿਲਵਾੜ: ਧੀਮਾਨ

ਇਸੇ ਦੌਰਾਨ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ ਨੇ ਵੀ ਇਸ ਘਟਨਾਕ੍ਰਮ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਪੱਖਪਾਤ ਦੇ ਨਿਰਪੱਖ ਹੋ ਕੇ ਕੰਮ ਕਰਨਾ ਚਾਹੀਦਾ ਹੈ, ਪਰ ਇੱਥੇ ਵਿਰੋਧੀ ਧਿਰਾਂ ਨੂੰ ਸੂਚਨਾ ਲੈਣ ਲਈ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿਰੋਧੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨਾ ਵਰਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਬਲਾਕ ਕਾਂਗਰਸ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਸਾਬਕਾ ਕੌਂਸਲਰ ਮੋਨਿਕਾ ਗੋਇਲ, ਮਹਿਲਾ ਕਾਂਗਰਸੀ ਆਗੂ ਸ਼ਸ਼ੀ ਅਗਰਵਾਲ ਤੇ ਹੋਰ ਮੈਂਬਰ ਹਾਜ਼ਰ ਸਨ।

ਕੀ ਕਹਿਣਾ ਹੈ ਅਧਿਕਾਰੀ ਦਾ ?

ਨਗਰ ਕੌਂਸਲ ਦੇ ਕਾਰਜ਼ ਸਾਧਕ ਅਫ਼ਸਰ ਬਾਲਕ੍ਰਿਸ਼ਨ ਗੋਗੀਆ ਨੇ ਕਿਹਾ ਕਿ ਸਾਰੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੇ ਦਿੱਤੀਆਂ ਗਈਆਂ ਹਨ। ਵਿਭਾਗੀ ਰੁਝੇਵਿਆਂ ਕਾਰਨ ਉਹ ਫ਼ੋਨ ਨਹੀਂ ਚੁੱਕ ਸਕੇ ਸਨ, ਪਰ ਦਫ਼ਤਰ ਵਿੱਚ ਕੰਮਕਾਜ ਸੁਚਾਰੂ ਰੂਪ ਵਿੱਚ ਚੱਲ ਰਿਹਾ ਹੈ।

Leave a Reply

Your email address will not be published. Required fields are marked *