Headlines

ਸੁਨਾਮ ‘ਚ ਕਣਕ ਦੀ ਖੜੀ ਫ਼ਸਲ ਨੂੰ ਲੱਗੀ ਅੱਗ 

** ਸਾਢੇ ਛੇ ਏਕੜ ਕਣਕ ਸੜਕੇ ਹੋਈ ਸੁਆਹ 

** ਛੇ ਏਕੜ ਕਣਕ ਦਾ ਨਾੜ ਵੀ ਮੱਚਿਆ 

** ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਖਦਸ਼ਾ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਖਮੀਰਵਾਲਾ ਰੋਡ ‘ਤੇ ਸਥਿਤ ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਦੇ ਪਿਛਲੇ ਪਾਸੇ ਖੇਤਾਂ ਵਿੱਚ ਬੁੱਧਵਾਰ ਨੂੰ ਦੁਪਹਿਰ ਬਾਅਦ ਕਣਕ ਦੀ ਖੜੀ ਫ਼ਸਲ ਨੂੰ ਅੱਗ ਲੱਗਣ ਨਾਲ ਸਾਢੇ ਛੇ ਏਕੜ ਕਣਕ ਦੀ ਫ਼ਸਲ ਸੜਕੇ ਸੁਆਹ ਹੋ ਗਈ ,ਇਸ ਤੋਂ ਇਲਾਵਾ ਛੇ ਏਕੜ ਵਿੱਚ ਖੜ੍ਹਾ ਨਾੜ ਵੀ ਮੱਚ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਅੱਗ ਨੇ ਕੁੱਝ ਹੀ ਮਿੰਟਾਂ ਵਿੱਚ ਡਰਾਉਣਾ ਰੂਪ ਧਾਰ ਲਿਆ ਅਤੇ ਪੱਕੀ ਖੜੀ ਕਣਕ ਦੀ ਫਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੱਗ ਦੁਪਹਿਰ ਕਰੀਬ 3 ਵਜੇ ਲੱਗੀ। ਉਸ ਸਮੇਂ ਕਣਕ ਫਸਲ ਕਟਾਈ ਲਈ ਪੂਰੀ ਤਰ੍ਹਾਂ ਤਿਆਰ ਸੀ। ਅਚਾਨਕ ਉੱਠੀਆਂ ਲਪਟਾਂ ਅਤੇ ਹਵਾ ਦੇ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਗਈ, ਜਿਸ ਨਾਲ ਕਿਸਾਨਾਂ ਵਿੱਚ ਘਬਰਾਹਟ ਫੈਲ ਗਈ। ਅੱਗ ਲੱਗਣ ਕਾਰਨ ਪਰਮਾਨੰਦ (3.5 ਏਕੜ), ਹਰਵਿੰਦਰ ਸਿੰਘ (1.5 ਏਕੜ) ਅਤੇ ਪ੍ਰਿੰਸ ਸਿੰਘ (ਕਰੀਬ 1.5 ਏਕੜ) ਦੀ ਖੜੀ ਕਣਕ ਦੀ ਫਸਲ ਪੂਰੀ ਤਰ੍ਹਾਂ ਸੜ ਗਈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਕੁੱਝ ਮਿੰਟਾਂ ਵਿੱਚ ਹੀ ਸੜਕੇ ਸੁਆਹ ਹੋ ਗਈ, ਜਿਸ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਛੇ ਏਕੜ ਕਣਕ ਦਾ ਨਾੜ ਵੀ ਮੱਚ ਗਿਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਸਥਾਨਕ ਲੋਕਾਂ ਨੇ ਵੀ ਅੱਗ ਬੁਝਾਉਣ ਵਿੱਚ ਪੂਰਾ ਸਹਿਯੋਗ ਦਿੱਤਾ। ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਖੜੀ ਕਣਕ ਦੀ ਫਸਲ ਤੋਂ ਇਲਾਵਾ ਨਾੜ ਪੂਰੀ ਤਰ੍ਹਾਂ ਸੜ ਚੁੱਕਿਆ ਸੀ। ਕਣਕ ਦੀ ਫ਼ਸਲ ਨੂੰ ਅੱਗ ਲੱਗਣ ਘਟਨਾ ਦੀ ਸੂਚਨਾ ਮਿਲਦੇ ਹੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਮੌਕੇ ‘ਤੇ ਪਹੁੰਚੇ ਅਤੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅੱਗ ਲੱਗਣ ਨਾਲ ਕਣਕ ਦੀ ਸੜ ਗਈ ਫਸਲ ਦੇ ਹੋਏ ਨੁਕਸਾਨ ਦਾ ਤੁਰੰਤ ਅੰਦਾਜ਼ਾ ਲਗਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

Leave a Reply

Your email address will not be published. Required fields are marked *