Headlines

ਸੁਨਾਮ- ਲਹਿਰਾ ਮੁੱਖ ਸੜਕ ਤੇ ਖੱਡਾ ਦੇ ਰਿਹਾ ਹਾਦਸਿਆਂ ਨੂੰ ਸੱਦਾ 

Oplus_16908288

** ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਕਰ ਰਿਹਾ ਇੰਤਜ਼ਾਰ

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਕਣਕ ਭੰਡਾਰ ਕਰਨ ਲਈ ਬਣੇ ਸੀਲੋ ਗੁਦਾਮ ਦੇ ਨਜ਼ਦੀਕ ਸੁਨਾਮ ਲਹਿਰਾ ਮੁੱਖ ਸੜਕ ਤੇ ਪਿਆ ਖੱਡਾ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਸੜਕ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ ਹੈ। ਸੜਕ ਦੇ ਵਿਚਕਾਰ ਪਿਆ ਡੂੰਘਾ ਖੱਡਾ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਲਈ ‘ਮੌਤ ਦਾ ਖੂਹ’ ਸਾਬਤ ਹੋ ਰਿਹਾ ਹੈ। ਇਹ ਖੱਡਾ ਕਿਸੇ ਵੀ ਸਮੇਂ ਕਿਸੇ ਵੱਡੇ ਅਤੇ ਭਿਆਨਕ ਹਾਦਸੇ ਨੂੰ ਜਨਮ ਦੇ ਸਕਦਾ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

– ਸਥਾਨਕ ਲੋਕਾਂ ਨੇ ਕੀਤੀ ਕੋਸ਼ਿਸ਼, ਪਰ ਖਤਰਾ ਬਰਕਰਾਰ—

ਹਾਲਾਂਕਿ, ਕੁੱਝ ਸਥਾਨਕ ਲੋਕਾਂ ਨੇ ਇਨਸਾਨੀਅਤ ਦੇ ਨਾਤੇ ਇਸ ਖੱਡੇ ਦੇ ਇੱਕ ਹਿੱਸੇ ਵਿੱਚ ਮਿੱਟੀ ਪਾ ਕੇ ਇਸ ਨੂੰ ਭਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਫਿਰ ਵੀ ਇਸ ਦਾ ਇੱਕ ਵੱਡਾ ਹਿੱਸਾ ਅਜੇ ਵੀ ਖਤਰਨਾਕ ਟੋਏ ਦੇ ਰੂਪ ਵਿੱਚ ਮੌਜੂਦ ਹੈ। ਜਿਹੜੇ ਰਾਹਗੀਰਾਂ ਨੂੰ ਇਸ ਖੱਡੇ ਬਾਰੇ ਪਤਾ ਹੈ, ਉਹ ਤਾਂ ਆਪਣੀ ਗੱਡੀ ਹੌਲੀ ਕਰਕੇ ਲੰਘ ਜਾਂਦੇ ਹਨ, ਪਰ ਅਣਜਾਣ ਚਾਲਕਾਂ ਲਈ ਇਹ ਵੱਡੀ ਮੁਸੀਬਤ ਬਣਿਆ ਹੋਇਆ ਹੈ।

– ਰਾਤ ਦੇ ਹਨੇਰੇ ਅਤੇ ਬਾਰਿਸ਼ ਵਿੱਚ ਬਣ ਜਾਂਦਾ ਹੈ ‘ਅਦਿੱਖ ਜਾਲ’—

ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਰਾਤ ਦੇ ਸਮੇਂ ਜਾਂ ਬਾਰਿਸ਼ਾਂ ਦੇ ਦਿਨਾਂ ਵਿੱਚ ਇਹ ਖੱਡਾ ਬਿਲਕੁਲ ਦਿਖਾਈ ਨਹੀਂ ਦਿੰਦਾ। ਅਜਿਹੀ ਸਥਿਤੀ ਵਿੱਚ ਕੋਈ ਵੀ ਬੱਚਾ, ਬਜ਼ੁਰਗ, ਮਹਿਲਾ ਜਾਂ ਅਣਜਾਣ ਰਾਹਗੀਰ ਇਸ ਦਾ ਸ਼ਿਕਾਰ ਹੋ ਸਕਦਾ ਹੈ।

– ਐਂਬੂਲੈਂਸਾਂ ਅਤੇ ਮਰੀਜ਼ਾਂ ਦੀ ਜਾਨ ਨੂੰ ਸਿੱਧਾ ਖਤਰਾ 

ਦੱਸ ਦੇਈਏ ਇਸ ਸੜਕ ਤੇ ਆਵਾਜਾਈ 24 ਰਹਿੰਦੀ ਹੈ, ਦਿਨ-ਰਾਤ ਐਂਬੂਲੈਂਸਾਂ ਵੀ ਲੰਘਦੀਆਂ ਹਨ ਜੇਕਰ ਕੋਈ ਐਂਬੂਲੈਂਸ ਕਿਸੇ ਗੰਭੀਰ ਮਰੀਜ਼ ਨੂੰ ਲੈਕੇ ਤੇਜ਼ ਰਫ਼ਤਾਰ ਨਾਲ ਇੱਥੋਂ ਨਿਕਲਦੀ ਹੈ ਅਤੇ ਅਚਾਨਕ ਇਸ ਖੱਡੇ ਵਿੱਚ ਵੱਜਦੀ ਹੈ, ਤਾਂ ਮਰੀਜ਼ ਦੀ ਜਾਨ ‘ਤੇ ਬਣ ਸਕਦੀ ਹੈ। ਸੜਕ ਦੀ ਦੁਰਦਸ਼ਾ ‘ਨੂੰ ਲੈਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ, “ਕੀ ਪ੍ਰਸ਼ਾਸਨ ਨੂੰ ਇਹ ਵੱਡਾ ਖੱਡਾ ਦਿਖਾਈ ਨਹੀਂ ਦਿੰਦਾ? ਜਾਂ ਫਿਰ ਪ੍ਰਸ਼ਾਸਨ ਕਿਸੇ ਮਾਸੂਮ ਦੀ ਜਾਨ ਲੈਣ ਯਾਨੀ ਕਿ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ, ਰਾਹਗੀਰਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਪਹਿਲਾਂ, ਇਸ ਖੱਡੇ ਨੂੰ ਤੁਰੰਤ ਪੱਕੇ ਤੌਰ ‘ਤੇ ਭਰਿਆ ਜਾਵੇ ਅਤੇ ਸੜਕ ਦੀ ਮੁਰੰਮਤ ਕਰਵਾਈ ਜਾਵੇ।

Leave a Reply

Your email address will not be published. Required fields are marked *