— ਬੀਰਕਲਾਂ ਤੋਂ ਸਤੌਜ ਨੂੰ ਜਾਂਦਾ ਰਾਹ ਪੁਲਿਸ ਛਾਉਣੀ ਚ ਕੀਤਾ ਤਬਦੀਲ
** ਬੇਰੁਜ਼ਗਾਰ ਸਾਂਝਾ ਮੋਰਚਾ ਨੇ ਸੱਥ ਲਾਉਣ ਦਾ ਕੀਤਾ ਸੀ ਐਲਾਨ
** ਬੇਰੁਜ਼ਗਾਰ ਅਧਿਆਪਕ ਟਾਵਰ ‘ਤੇ ਚੜ੍ਹੇ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਸੱਥ ਲਾਕੇ ਮੰਗਾਂ ਤੋਂ ਜਾਣੂੰ ਕਰਵਾਉਣ ਜਾਂਦੇ ਬੇਰੁਜ਼ਗਾਰਾਂ ਨੂੰ ਪੁਲਿਸ ਨੇ ਬੀਰ ਕਲਾਂ ਤੋਂ ਸਤੌਜ ਜਾਂਦਿਆਂ ਰਾਹ ਵਿੱਚ ਰੋਕ ਲਿਆ। ਬੇਰੁਜ਼ਗਾਰਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ। ਬੇਰੁਜ਼ਗਾਰਾਂ ਨੇ ਜਦੋਂ ਸਤੌਜ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਖਿੱਚ ਧੂਹ ਹੋਈ। ਸੂਬਾ ਭਰ ਤੋਂ ਆਏ ਬੇਰੁਜ਼ਗਾਰਾਂ ਨੇ ਸੂਏ ਦੇ ਪੁਲ ਤੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਝਕਾਨੀ ਦੇਕੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ 646 ਦੇ ਦੋ, ਮੈਂਬਰ ਗੁਰਸੇਵਕ ਸਿੰਘ ਅਤੇ ਬਲਵਿੰਦਰ ਸਿੰਘ, ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਇੱਕ ਮੋਬਾਈਲ ਟਾਵਰ ‘ਤੇ ਜਾ ਚੜ੍ਹੇ ਜਿੰਨਾ ਨੂੰ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਹੇਠ ਉਤਾਰਿਆ ਗਿਆ।
ਦੱਸ ਦੇਈਏ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ‘ਸੱਥ’ ਲਾਉਣ ਦਾ ਐਲਾਨ ਕੀਤਾ ਸੀ ਜਿਸ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਸਵੇਰੇ ਤੋਂ ਹੀ ਮੁਸਤੈਦ ਦਿਖਾਈ ਦੇ ਰਿਹਾ ਸੀ। ਖੁਫੀਆ ਰਿਪੋਰਟਾਂ ‘ਤੇ ਕਾਰਵਾਈ ਕਰਦਿਆਂ, ਪੁਲਿਸ ਪ੍ਰਸ਼ਾਸਨ ਨੇ ਸਤੌਜ ਦੇ ਆਲੇ ਦੁਆਲੇ ਦੇ ਖੇਤਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ । ਇਸ ਦੇ ਬਾਵਜੂਦ, ਕੁੱਝ ਸੰਗਠਨਾਂ ਦੇ ਮੈਂਬਰ ਪੁਲਿਸ ਨੂੰ ਚਕਮਾ ਦੇ ਕੇ ਪਿੰਡ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ। ਦਾਖਲ ਹੋਣ ‘ਤੇ, ਪ੍ਰਦਰਸ਼ਨਕਾਰੀ ਇੱਕ ਉੱਚੇ ਟਾਵਰ ‘ਤੇ ਚੜ੍ਹ ਗਏ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਉਧਰ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਬੈਨਰ ਹੇਠ ਪ੍ਰਦਰਸ਼ਨ ਕਰਨ ਸਤੌਜ ਜਾਂਦੇ ਸੈਂਕੜੇ ਵਰਕਰਾਂ ਨੂੰ ਜਦੋਂ ਸਤੌਜ ਵੱਲ ਵਧਣ ਤੋਂ ਰੋਕ ਦਿੱਤਾ ਤਾਂ ਉਹ ਰਾਹ ਵਿੱਚ ਹੀ ਧਰਨਾ ਦੇਕੇ ਬੈਠ ਗਏ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾਈ ਆਗੂਆਂ ਰਮਨ ਕੁਮਾਰ ਮਲੋਟ, ਸੁਖਵਿੰਦਰ ਸਿੰਘ ਢਿੱਲਵਾਂ ਅਤੇ ਅਮਨਦੀਪ ਸਿੰਘ ਸੇਖਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਜੋ ਆਪਣੇ ਆਪ ਨੂੰ ਇੱਕ ਆਮ ਘਰ ਦਾ ਪੁੱਤਰ ਦੱਸਦਾ ਹੈ ਬੇਰੁਜ਼ਗਾਰਾਂ ਨੂੰ ਆਪਣੇ ਪਿੰਡ ਵਿੱਚ ਪੈਰ ਵੀ ਨਹੀਂ ਰੱਖਣ ਦੇ ਰਿਹਾ । ਉਨ੍ਹਾਂ ਆਖਿਆ ਕਿ ਬੇਰੁਜ਼ਗਾਰ ਇੱਥੇ ਦੰਗਾ ਫ਼ਸਾਦ ਕਰਨ ਲਈ ਨਹੀਂ ਆਏ ਸਗੋਂ ਸ਼ਾਂਤੀ ਨਾਲ ਆਪਣੀ ਆਵਾਜ਼ ਬੁਲੰਦ ਕਰਨ ਲਈ ਆਏ ਹਨ। ਉਨ੍ਹਾਂ ਆਖਿਆ ਅਜਿਹਾ ਵਰਤਾਰਾ ਲੋਕਤੰਤਰ ਦਾ ਗਲਾ ਘੁੱਟ ਰਿਹਾ ਹੈ। ਇਸ ਮੌਕੇ ‘ ਐਸਪੀ ਨਵਰੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਦਰਸ਼ਨਕਾਰੀਆਂ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਟਾਵਰ ‘ਤੇ ਚੜ੍ਹੇ ਨੌਜਵਾਨਾਂ ਨੂੰ ਭਰੋਸਾ ਦਿੱਤੇ ਜਾਣ ਤੋਂ ਬਾਅਦ ਸੁਰੱਖਿਅਤ ਹੇਠਾਂ ਉਤਾਰਿਆ ਗਿਆ।