** ਸਿਹਤ ਵਿਭਾਗ ਦੀਆਂ ਟੀਮਾਂ ਛਿੜਕਾਅ ਚ, ਜੁਟੀਆਂ
** ਭਾਜਪਾ ਕੌਂਸਲਰ ਮੋਨਿਕਾ ਗੋਇਲ ਨੇ ਸਫ਼ਾਈ ਕਾਰਜਾਂ ਦਾ ਲਿਆ ਜਾਇਜ਼ਾ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਦੇ ਵਾਰਡ ਨੰਬਰ 17 ਵਿੱਚ ਚੱਲ ਰਹੇ ਦਵਾਈ ਦੇ ਛਿੜਕਾਅ ਦੌਰਾਨ ਡੇਂਗੂ ਦਾ ਲਾਰਵਾ ਮਿਲਿਆ ਹੈ। ਸਿਹਤ ਵਿਭਾਗ ਦੇ ਕਾਮਿਆਂ ਨੇ ਦਵਾਈ ਛਿੜਕਕੇ ਲਾਰਵਾ ਖਤਮ ਕਰ ਦਿੱਤਾ। ਸੋਮਵਾਰ ਨੂੰ ਸੁਨਾਮ ਦੇ ਵਾਰਡ ਨੰਬਰ 17 ਵਿੱਚ ਕੌਂਸਲਰ ਮੋਨਿਕਾ ਗੋਇਲ ਦੀ ਅਗਵਾਈ ਹੇਠ ਸਿਹਤ ਮਹਿਕਮੇ ਦੇ ਕਰਮਚਾਰੀ ਗੁਰਤੇਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਰਡ ਵਿੱਚ ਮੱਖੀ- ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਡੇਂਗੂ, ਮਲੇਰੀਆ ਆਦਿ ਨੂੰ ਰੋਕਣ ਲਈ ਦਵਾਈ ਦਾ ਛਿੜਕਾਉ ਸ਼ੁਰੂ ਕੀਤਾ ਗਿਆ। ਛਿੜਕਾਅ ਦੌਰਾਨ ਵਾਰਡ ਦੀ ਇੱਕ ਗਲੀ ਵਿੱਚ ਡੇਂਗੂ ਦਾ ਲਾਰਵਾ ਦੇਖਣ ਨੂੰ ਮਿਲਿਆ। ਇਸ ਲਾਰਵੇ ਨੂੰ ਮੌਕੇ ਤੇ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਦਵਾਈ ਦੇ ਛਿੜਕਾਅ ਨਾਲ ਖਤਮ ਕੀਤਾ ਗਿਆ । ਸਿਹਤ ਮਹਿਕਮੇ ਦੇ ਕਰਮਚਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਸ਼ਹਿਰ ਅੰਦਰ ਦਵਾਈ ਦੇ ਛਿੜਕਾਅ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਬਿਮਾਰੀਆਂ ਨੂੰ ਪਨਪਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਭਾਜਪਾ ਦੀ ਕੌਂਸਲਰ ਮੋਨਿਕਾ ਗੋਇਲ ਨੇ ਦੱਸਿਆ ਕਿ ਮੌਸਮੀ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਵਾਰਡ ਵਿੱਚ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਦੌਰਾਨ ਸਿਹਤ ਵਿਭਾਗ ਵੱਲੋਂ ਮੱਖੀ ਮੱਛਰ ਮਾਰਨ ਲਈ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਫ਼ਾਈ ਨਾਲ ਜਿੱਥੇ ਵਾਰਡ ਦੀ ਸੁੰਦਰਤਾ ਬਣੀ ਰਹਿੰਦੀ ਹੈ ਉੱਥੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਕੌਂਸਲਰ ਮੋਨਿਕਾ ਗੋਇਲ ਨੇ ਵਾਰਡ ਦੇ ਬਸ਼ਿੰਦਿਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਸਫਾਈ ਵਿਵਸਥਾ ਬਣਾਉਣ ਵਿੱਚ ਕੌਂਸਲ ਪ੍ਰਸ਼ਾਸਨ ਦਾ ਸਾਥ ਦੇਣ ਨੂੰ ਯਕੀਨੀ ਬਣਾਉਣ। ਇਸ ਮੌਕੇ ਪਰਮਿੰਦਰ ਗੋਇਲ, ਧੀਰਜ ਗੋਇਲ ਤੇ ਹੋਰ ਮੈਂਬਰ ਹਾਜ਼ਰ ਸਨ।