Headlines

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਸਬੰਧੀ ਨਾਗਰਿਕਾਂ ਨੂੰ ਅਪੀਲ

·         ਜਾਣਕਾਰੀ ਅਤੇ ਸਹਾਇਤਾ ਲਈ ਹੈਲਪ ਡੈਸਕ ਸਥਾਪਿਤ, ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ

ਮਾਲੇਰਕੋਟਲਾ, 09 ਜੂਨ Bol Punjab De, Buero 

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ, ਸੰਪੂਰਨ ਅਤੇ ਭਰੋਸੇਯੋਗ ਬਣਾਉਣ ਲਈ ਕਰਵਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ) -2026 ਮੁਹਿੰਮ ਤਹਿਤ ਆਮ ਨਾਗਰਿਕਾਂ, ਪਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਅਤੇ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਗੁੰਮਰਾਹਕੁੰਨ ਅਤੇ ਝੂਠੀਆਂ ਅਫ਼ਵਾਹਾਂ ਤੋਂ ਪ੍ਰਭਾਵਿਤ ਨਾ ਹੋਣ ਅਤੇ ਕਿਸੇ ਵੀ ਜਾਣਕਾਰੀ ਲਈ ਚੋਣ ਵਿਭਾਗ ਨਾਲ ਸੰਪਰਕ ਕਰਨ।

ਤਿੜਕੇ ਨੇ ਕਿਹਾ ਕਿ ਪੰਜਾਬ ਭਰ ਵਿੱਚ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐੱਲ.ਓਜ਼ ਵੱਲੋਂ ਘਰ-ਘਰ ਜਾ ਕੇ Enumeration Form ਭਰਵਾਏ ਜਾਣਗੇ। ਇਸ ਦੌਰਾਨ ਹਰ ਯੋਗ ਵੋਟਰ ਲਈ ਫਾਰਮ ਭਰਨਾ ਲਾਜ਼ਮੀ ਹੋਵੇਗਾ। ਬੀ.ਐੱਲ.ਓਜ਼ ਵੋਟਰਾਂ ਨੂੰ ਫਾਰਮ ਦੀਆਂ ਦੋ ਕਾਪੀਆਂ ਦੇਣਗੇ, ਫਾਰਮ ਭਰਨ ਵਿੱਚ ਮਦਦ ਕਰਨਗੇ ਅਤੇ ਇੱਕ ਕਾਪੀ ਪ੍ਰਾਪਤ ਕਰਕੇ ਦੂਜੀ ਰਸੀਦ ਵਜੋਂ ਵਾਪਸ ਕਰਨਗੇ। ਜੇਕਰ ਕਿਸੇ ਘਰ ਵਿੱਚ ਵੋਟਰ ਨਾ ਮਿਲੇ ਤਾਂ ਫਾਰਮ ਉੱਥੇ ਛੱਡਿਆ ਜਾਵੇਗਾ, ਜਿਸ ਨੂੰ ਭਰ ਕੇ ਸਬੰਧਤ ਬੀ.ਐੱਲ.ਓ. ਜਾਂ ਚੋਣ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਸੋਧੇ ਹੋਏ ਪ੍ਰੋਗਰਾਮ ਅਨੁਸਾਰ ਡਰਾਫਟ ਵੋਟਰ ਸੂਚੀ 03 ਅਗਸਤ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਦਾਅਵੇ ਅਤੇ ਇਤਰਾਜ਼ 03 ਅਗਸਤ ਤੋਂ 02 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਉਨ੍ਹਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 01 ਅਕਤੂਬਰ 2026 ਨੂੰ ਜਾਰੀ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਆਪਣੀ ਪਛਾਣ ਅਤੇ ਯੋਗਤਾ ਸਬੰਧੀ ਦਸਤਾਵੇਜ਼ਾਂ ਵਜੋਂ ਜਨਮ ਪ੍ਰਮਾਣ ਪੱਤਰ, ਪਾਸਪੋਰਟ, ਮੈਟ੍ਰਿਕ ਸਰਟੀਫਿਕੇਟ, ਸਥਾਈ ਨਿਵਾਸ ਸਰਟੀਫਿਕੇਟ, ਸਰਕਾਰੀ ਪਛਾਣ ਪੱਤਰ ਜਾਂ ਹੋਰ ਮਨਜ਼ੂਰਸ਼ੁਦਾ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਵੋਟਰਾਂ ਨੂੰ ਗਣਨਾ ਫਾਰਮ ਵਿੱਚ ਆਪਣਾ ਸਹੀ ਮੋਬਾਈਲ ਨੰਬਰ ਦਰਜ ਕਰਨ ਅਤੇ ਹਾਲੀਆ ਰੰਗੀਨ ਫੋਟੋ ਲਗਾਉਣ ਦੀ ਵੀ ਅਪੀਲ ਕੀਤੀ ਗਈ ਹੈ।

ਤਿੜਕੇ ਨੇ ਕਿਹਾ ਕਿ ਐੱਸ.ਆਈ.ਆਰ. ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਵੋਟਰ ਵੋਟਰ ਸੂਚੀ ਵਿੱਚੋਂ ਰਹਿ ਨਾ ਜਾਵੇ ਅਤੇ ਕੋਈ ਵੀ ਅਯੋਗ ਜਾਂ ਡੁਪਲੀਕੇਟ ਐਂਟਰੀ ਦਰਜ ਨਾ ਹੋਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਦੋਹਰੀ ਵੋਟਰ ਰਜਿਸਟ੍ਰੇਸ਼ਨ ਕਾਨੂੰਨ ਅਨੁਸਾਰ ਦੰਡਯੋਗ ਅਪਰਾਧ ਹੈ, ਜਿਸ ਲਈ ਇੱਕ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬੀ.ਐੱਲ.ਓਜ਼ ਨਾਲ ਪੂਰਾ ਸਹਿਯੋਗ ਕਰਨ, ਆਪਣੇ ਗਣਨਾ ਫਾਰਮ ਸਮੇਂ ਸਿਰ ਭਰਨ ਅਤੇ ਵੋਟਰ ਸੂਚੀਆਂ ਨੂੰ ਪਾਰਦਰਸ਼ੀ, ਤਰੁੱਟੀ ਰਹਿਤ ਅਤੇ ਭਰੋਸੇਯੋਗ ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਸ਼ੰਕਾ ਜਾਂ ਸ਼ਿਕਾਇਤ ਲਈ ਟੋਲ-ਫਰੀ ਹੈਲਪਲਾਈਨ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *