** ਕਿਹਾ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਮਹਿਕਮਾ ਦੇਵੇ ਧਿਆਨ
** ਸਰਹਿੰਦ ਚੋਅ ਵਿਚ ਖੜ੍ਹੀ ਬੂਟੀ ਨਾਲ ਹੁੰਦਾ ਹੈ ਫਸਲਾਂ ਦਾ ਨੁਕਸਾਨ
ਦਰਸ਼ਨ ਸਿੰਘ ਚੌਹਾਨ,Bol Punjab De, Buero
ਸੁਨਾਮ — ਭਾਜਪਾ ਜ਼ਿਲ੍ਹਾ ਸੰਗਰੂਰ 2 ਦੀ ਪ੍ਰਧਾਨ ਦਾਮਨ ਬਾਜਵਾ ਨੇ ਬਰਸਾਤੀ ਨਾਲਿਆਂ ਦੀ ਸਫ਼ਾਈ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਮੀਂਹ ਪੈਣ ਨਾਲ ਸਰਹਿੰਦ ਚੋਅ ਵਿੱਚ ਪਾਣੀ ਆਉਣ ਨਾਲ ਇਲਾਕੇ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ। ਮੰਗਲਵਾਰ ਨੂੰ ਸੁਨਾਮ ਨੇੜਿਓਂ ਲੰਘਦੇ ਸਰਹਿੰਦ ਚੋਅ ਦੇ ਹਾਲਾਤ ਦਿਖਾਉਂਦਿਆਂ ਭਾਜਪਾ ਆਗੂ ਦਾਮਨ ਬਾਜਵਾ ਨੇ ਆਖਿਆ ਕਿ ਜੂਨ ਮਹੀਨੇ ਵਿੱਚ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ ਬਾਵਜੂਦ ਇਸ ਦੇ ਪ੍ਰਸ਼ਾਸਨ ਵੱਲੋਂ ਬਰਸਾਤੀ ਨਾਲਿਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਹਿੰਦ ਚੋਅ ਵਿੱਚ ਖੜ੍ਹੀ ਬੂਟੀ ਡਰੇਜਨ ਮਹਿਕਮੇ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਰਹੀ ਹੈ। ਦਾਮਨ ਬਾਜਵਾ ਨੇ ਆਖਿਆ ਕਿ ਡਰੇਨੇਜ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਦੱਸਣ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਸਤੌਜ ਤੋਂ ਲੈਕੇ ਸੁਨਾਮ ਰੇਲਵੇ ਲਾਈਨ ਤੱਕ ਸਫ਼ਾਈ ਦਾ ਕੰਮ ਚੱਲ ਰਿਹਾ ਹੈ, ਪਰ ਉਸਦੇ ਅਗਲੇ ਹਿੱਸੇ ਦੀ ਸਫ਼ਾਈ ਬਾਰੇ ਹਾਲੇ ਤੱਕ ਸਰਕਾਰ ਵੱਲੋਂ ਕੋਈ ਫੰਡ ਜਾਂ ਐਸਟੀਮੇਟ ਪਾਸ ਨਹੀਂ ਕੀਤਾ ਗਿਆ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਕਿ ਬਰਸਾਤਾਂ ਦੇ ਮੋਸਮ ਤੋਂ ਪਹਿਲਾਂ ਪਹਿਲਾਂ ਸਾਰੇ ਸਰਹਿੰਦ ਚੋਅ ਦੀ ਸਫਾਈ ਕਰਵਾਈ ਜਾਵੇ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਦੱਸਿਆਂ ਕਿ ਜੂਨ-ਬਰਸਾਤ ਦੇ ਮੌਸਮ ਵਿੱਚ ਜਦੋਂ ਪੂਰੇ ਪੰਜਾਬ ਵਿੱਚ ਬਰਸਾਤ ਹੁੰਦੀ ਹੈ ਤਾਂ ਪਿੱਛੋ ਸਾਰਾ ਪਾਣੀ ਇਕੱਠਾ ਹੋ ਕੇ ਇਸ ਸਰਹਿੰਦ ਚੋਅ ਰਾਹੀਂ ਅੱਗੇ ਜਾਂਦਾ ਹੈ ਇਸ ਚੋਅ ਦੀ ਸਫ਼ਾਈ ਨਾ ਹੋਣ ਕਰਕੇ ਇਸ ਵਿੱਚ ਖੜੀ ਘਾਹ ਬੂਟੀ ਪਾਣੀ ਲੰਘਣ ਵਿੱਚ ਰੁਕਾਵਟ ਪੈਦਾ ਕਰਦੀ ਹੈ ਅਤੇ ਪਾਣੀ ਓਵਰ ਫਲੋਅ ਹੋਕੇ ਫਲੱਡ ਵਰਗੀ ਸਥਿਤੀ ਪੈਂਦਾ ਕਰ ਦਿੰਦਾ ਹੈ। ਜੇਕਰ ਇਸ ਚੋਅ ਅਤੇ ਡਰੇਨ ਦੀ ਸਫਾਈ ਸਮੇਂ ਸਿਰ ਹੋਈ ਹੋਵੇ ਤਾਂ ਪਾਣੀ ਬਿਨਾਂ ਰੁਕਾਵਟ ਅੱਗੇ ਲੰਘਦਾ ਜਾਵੇਗਾ। ਉਨ੍ਹਾਂ ਆਖਿਆ ਕਿ ਜੇਕਰ ਸਰਹਿੰਦ ਚੋਅ ਦੀ ਸਫਾਈ ਸਹੀ ਢੰਗ ਨਾਲ ਅਤੇ ਸਹੀ ਟਾਈਮ ਰਹਿੰਦੇ ਨਹੀਂ ਹੋਈ ਤਾਂ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਓਵਰ ਫਲੋਅ ਹੋਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਦਿੰਦਾ ਹੈ।
ਇਸ ਮੋਕੇ ਹਰਮਨਦੇਵ ਸਿੰਘ ਬਾਜਵਾ, ਮੱਖਣ ਸ਼ੇਖ ਸਰਪੰਚ ਅਕਾਲਗੜ੍ਹ, ਹਰਜੀਤ ਸਿੰਘ ਸਾਬਕਾ ਸਰਪੰਚ, ਤਿਰਲੋਕ ਸਿੰਘ ਸਾਬਕਾ ਸਰਪੰਚ ਬਿਸ਼ਨਪੁਰਾ, ਗੁਰਸੇਵਕ ਅਕਾਲਗੜ੍ਹ, ਸੁੱਖ ਬਿਸ਼ਨਪੁਰਾ, ਸ਼ਨੀ ਰਾਣਾ, ਆਦਿ ਹਾਜ਼ਰ ਸਨ।