** ਵਿਕਾਸ ਤੇ ਵਿਸ਼ਵਾਸ ਬਣਾਕੇ ਰੱਖਣ ਦਾ ਦਿੱਤਾ ਭਰੋਸਾ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੇ ਵਾਰਡ ਨੰਬਰ ਇੱਕ ਤੋਂ ਲਗਾਤਾਰ ਦੂਜੀ ਵਾਰ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ਾ ਬਜਾਜ ਨੂੰ ਅਰੋੜਾ ਕਲੋਨੀ ਦੇ ਵਸਨੀਕਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੌਂਸਲਰ ਆਸ਼ਾ ਬਜਾਜ ਨੇ ਆਖਿਆ ਕਿ ਵਾਰਡ ਦੇ ਬਸ਼ਿੰਦਿਆਂ ਵੱਲੋਂ ਪ੍ਰਗਟਾਏ ਵਿਸ਼ਵਾਸ ਨੂੰ ਕਾਇਮ ਰੱਖਦੇ ਹੋਏ ਵਿਕਾਸ ਨੂੰ ਤਰਜੀਹ ਦੇਣਗੇ। ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਬੂਟੇ ਲਗਾਏ ਜਾਣਗੇ ਸਫ਼ਾਈ ਨੂੰ ਖ਼ਾਸ ਤਵੱਜੋ ਦਿੱਤੀ ਜਾਵੇਗੀ। ਪੀਣ ਵਾਲੇ ਪਾਣੀ ਦੀ ਸਪਲਾਈ, ਸਟਰੀਟ ਲਾਈਟਿੰਗ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਵਾਰਡ ਦੇ ਬਸ਼ਿੰਦਿਆਂ ਨੇ ਆਖਿਆ ਕਿ ਆਸ਼ਾ ਬਜਾਜ ਨੇ ਪਿਛਲੇ ਕਾਰਜ਼ਕਾਲ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਸੀ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ; ਇਸ ਸਮਰਪਣ ਭਾਵਨਾ ਕਾਰਨ ਹੀ ਉਨ੍ਹਾਂ ਨੂੰ ਇੱਕ ਵਾਰ ਫਿਰ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਰਾਜਨ ਸਿੰਗਲਾ, ਹਕੂਮਤ ਰਾਏ ਜਿੰਦਲ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ।