* ਧੱਕੇਸ਼ਾਹੀ ਨਾਲ ਬੀ.ਐੱਲ.ਓ. ਡਿਊਟੀ ਲਾਉਣ ਤੇ ਜਤਾਇਆ ਇਤਰਾਜ਼
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਉਪ ਮੰਡਲ ਮੈਜਿਸਟਰੇਟ ਦਫ਼ਤਰ ਸੁਨਾਮ ਵੱਲੋਂ ਇੱਕ ਅਧਿਆਪਕ ਦੀ ਕਥਿਤ ਤੌਰ ਤੇ ਧੱਕੇਸ਼ਾਹੀ ਨਾਲ ਬੀ.ਐੱਲ.ਓ. ਡਿਊਟੀ ਲਾਉਣ ਵਿਰੁੱਧ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਅਤੇ 3704 ਅਧਿਆਪਕ ਜਥੇਬੰਦੀ ਦਾ ਸਾਂਝਾ ਵਫ਼ਦ ਐੱਸ.ਡੀ.ਐੱਮ. ਸੁਨਾਮ ਦੀ ਗ਼ੈਰ ਮੌਜੂਦਗੀ ਵਿੱਚ ਸਬੰਧਤ ਸੁਪਰਡੈਂਟ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਾਤਾ ਸਿੰਘ ਨਮੋਲ, ਹਰਭਗਵਾਨ ਗੁਰਨੇ ਤੇ ਦਵਿੰਦਰ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਦੇ ਇੱਕ ਸਰਕਾਰੀ ਅਧਿਆਪਕ ਦੀ ਬੀ.ਐੱਲ.ਓ. ਦੇ ਤੌਰ ‘ਤੇ ਲਾਈ ਡਿਊਟੀ ਸ਼ੱਕ ਦੇ ਘੇਰੇ ਵਿੱਚ ਹੈ ਕਿਉਂਕਿ ਉਸ ਬੂਥ ਉੱਤੇ ਪਹਿਲਾਂ ਕੰਮ ਕਰ ਰਹੇ ਬੀ.ਐੱਲ.ਓ. ਨੂੰ ਬਿਨਾ ਕਿਸੇ ਠੋਸ ਕਾਰਨ ਹਟਾ ਕੇ ਉਕਤ ਅਧਿਆਪਕ ਦੀ ਡਿਊਟੀ ਲਗਾਈ ਗਈ ਹੈ। ਐੱਸ.ਆਈ.ਆਰ. ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਇੱਕ ਟਰੇਂਡ ਅਤੇ ਤਜ਼ਰਬੇਕਾਰ ਬੀ.ਐੱਲ.ਓ. ਨੂੰ ਹਟਾਕੇ ਨਵਾਂ ਬੀ.ਐੱਲ.ਓ. ਲਾਉਣਾ ਸੰਦੇਹ ਪੈਦਾ ਕਰਦਾ ਹੈ। ਸੀਨੀਅਰ ਆਗੂ ਬਲਬੀਰ ਲੌਂਗੋਵਾਲ, ਸੁਖਜਿੰਦਰ ਸੰਗਰੂਰ,ਚੰਦਰ ਸ਼ੇਖਰ ਤੇ ਜਸਵੀਰ ਅਲੀਸ਼ੇਰ ਨੇ ਕਿਹਾ ਕਿ ਉਕਤ ਅਧਿਆਪਕ ਉਸ ਪਿੰਡ ਦਾ ਵਸਨੀਕ ਵੀ ਨਹੀਂ ਹੈ, ਜਿੱਥੇ ਉਸ ਦੀ ਡਿਊਟੀ ਲਗਾਈ ਗਈ ਹੈ। ਚੋਣ ਕਮਿਸ਼ਨ ਦੀਆਂ ਨਵੀਆਂ ਹਿਦਾਇਤਾਂ ਅਨੁਸਾਰ ਕਿਸੇ ਮੁਲਾਜ਼ਮ ਨੂੰ ਉੱਥੇ ਹੀ ਬੀ.ਐੱਲ.ਓ. ਲਗਾਇਆ ਜਾਣਾ ਬਣਦਾ ਹੈ, ਜਿੱਥੇ ਉਸ ਦੀ ਵੋਟ ਹੈ। ਇਹ ਅਧਿਆਪਕ ਪੰਜਾਬੀ ਵਿਸ਼ਾ ਪੜ੍ਹਾਉਂਦਾ ਹੈ ਜਦੋਂ ਕਿ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਦੁਆਰਾ ਪੰਜਾਬੀ ਸਮੇਤ 6 ਮੁੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਬੀ.ਐੱਲ.ਓ. ਡਿਊਟੀ ਨਾ ਲਾਉਣ ਦੀਆਂ ਹਿਦਾਇਤਾਂ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਇਸ ਅਧਿਆਪਕ ਦੀਆਂ ਕੁਝ ਗੰਭੀਰ ਘਰੇਲੂ ਸਮੱਸਿਆਵਾਂ ਕਾਰਨ ਇਸ ਨੇ ਆਪਣੀ ਰਿਹਾਇਸ਼ ਤੋਂ 20 ਕਿਲੋਮੀਟਰ ਦੂਰ ਬੀ.ਐੱਲ.ਓ. ਡਿਊਟੀ ਕਰਨ ਸਬੰਧੀ ਆਪਣੀ ਅਸਮਰੱਥਾ ਪ੍ਰਗਟਾਈ ਹੈ ਅਤੇ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਅਣਸਰਦੀ ਹਾਲਤ ਵਿੱਚ ਆਪਣੇ ਪਿੰਡ ਨੇੜੇ ਬੀ.ਐੱਲ.ਓ. ਡਿਊਟੀ ਕਰਨ ਲਈ ਹਾਮੀ ਭਰੀ ਹੈ। ਉਨ੍ਹਾਂ ਦੱਸਿਆ ਕਿ 20 ਮਈ ਨੂੰ ਜਦੋਂ ਅਧਿਆਪਕ ਨੂੰ ਇਸ ਡਿਊਟੀ ਸਬੰਧੀ ਐੱਸ.ਡੀ.ਐੱਮ. ਸੁਨਾਮ ਦੇ ਦਫ਼ਤਰ ਵਿਖੇ ਬੁਲਾਇਆ ਗਿਆ ਤਾਂ ਇਸ ਨੇ ਉਕਤ ਕਾਰਨ ਲਿਖਤੀ ਬਿਆਨ ਕਰਕੇ ਇਸ ਡਿਊਟੀ ਤੋਂ ਛੋਟ ਮੰਗੀ। ਉਸ ਦਾ ਬਿਨੈ ਪੱਤਰ ਐੱਸ.ਡੀ.ਐੱਮ. ਦੇ ਵਿਚਾਰ ਅਧੀਨ ਕਰਨ ਤੋਂ ਪਹਿਲਾਂ ਹੀ ਸਬੰਧਤ ਚੋਣ ਕਲਰਕ ਨੇ ਇਸ ਦਾ ਫੋਨ ਫੜ ਕੇ ਉਸ ਉੱਤੇ ਇਸ ਦਾ ਬੀ.ਐੱਲ.ਓ. ਖਾਤਾ ਬਣਾ ਦਿੱਤਾ। ਇਸ ਸਬੰਧੀ ਉਕਤ ਅਧਿਆਪਕ ਨੂੰ ਪਤਾ ਵੀ ਨਹੀਂ ਸੀ। ਅਧਿਆਪਕਾਂ ਦੇ ਵਫਦ ਨੇ ਕਲਰਕ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਧੱਕੇਸ਼ਾਹੀ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਐਸਡੀਐਮ ਦਫ਼ਤਰ ਦੁਆਰਾ ਅਧਿਆਪਕ ਨੂੰ ਜਾਰੀ ਕੀਤੇ ਗਏ ‘ਕਾਰਨ ਦੱਸੋ ਨੋਟਿਸ’ ਦਾ ਜਵਾਬ ਦਿੰਦੇ ਹੋਏ ਨਿਯਮਾਂ ਤੇ ਉਸ ਦੀਆਂ ਸਮੱਸਿਆਵਾਂ ਵਿਚਾਰਦੇ ਹੋਏ ਡਿਊਟੀ ਤੋਂ ਛੋਟ ਦੇਣ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐੱਸ.ਡੀ.ਐੱਮ. ਨੂੰ ਮਿਲਿਆ ਜਾਵੇਗਾ ਅਤੇ ਜੇਕਰ ਦਫ਼ਤਰ ਦੁਆਰਾ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਅਗਲੀ ਰਣਨੀਤੀ ਉਲੀਕੀ ਜਾਵੇਗੀ। ਵਫਦ ਵਿੱਚ ਉਕਤ ਤੋਂ ਇਲਾਵਾ ਸੀਨੀਅਰ ਆਗੂ ਵਿਸ਼ਵ ਕਾਂਤ,ਪਵਨ ਕੁਮਾਰ,ਸੁਰਜੀਤ ਦਿੜ੍ਹਬਾ, ਮਨਪ੍ਰੀਤ ਰਾਏਧਰਾਣਾ ਤੇ ਜਸਵਿੰਦਰ ਸ਼ਾਹਪੁਰ ਸ਼ਾਮਿਲ ਸਨ।