Headlines

ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨਗਰ ਕੌਂਸਲ ਸੁਨਾਮ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਕੌਂਸਲਰਾਂ ਨਾਲ ਬੈਠੇ ਹੋਏ। ਇਸ ਮੌਕੇ ਸ਼ਬੀਨਾ ਅਰੋੜਾ ਵੀ ਹਾਜ਼ਰ ਸਨ।

Oplus_16908288

” ਆਮ ਆਦਮੀ ਪਾਰਟੀ ” ਦੀ ਸ਼ਹਿਰੀ ਦੰਗਲ ਚ, ਚੜ੍ਹਤ 

** ਸੁਨਾਮ ਕੌਂਸਲ ਚੋਣਾਂ ਚ ਹਾਸਲ ਕੀਤੀ 51 ਫੀਸਦੀ ਵੋਟ

** ਅਜ਼ਾਦ ਉਮੀਦਵਾਰਾਂ ਨੂੰ ਪਈਆਂ 34 ਫੀਸਦੀ ਵੋਟਾਂ 

** ਭਾਜਪਾ , ਕਾਂਗਰਸ ਤੇ ਅਕਾਲੀ ਦਲ ਨਹੀਂ ਲੈ ਸਕੇ ਸਨਮਾਨਯੋਗ ਵੋਟ

ਦਰਸ਼ਨ ਸਿੰਘ ਚੌਹਾਨ, Bol Punjab De, Buero

ਸੁਨਾਮ ** ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੀਆਂ ਪਈਆਂ ਵੋਟਾਂ ਦੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਚੜ੍ਹਤ ਰਹੀ, ਅਜ਼ਾਦ ਉਮੀਦਵਾਰ ਦੂਜੇ ਨੰਬਰ ਤੇ ਰਹੇ, ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਸਨਮਾਨਯੋਗ ਵੋਟ ਹਾਸਲ ਨਹੀਂ ਕਰ ਸਕੀਆਂ, ਉਂਜ ਦੱਸ ਦੇਈਏ ਕਿ ਸੁਨਾਮ ਦੇ 23 ਵਾਰਡਾਂ ਵਿੱਚ ਅਕਾਲੀ ਦਲ ਬਾਦਲ ਨੂੰ ਛੱਡਕੇ ਬਾਕੀ ਰਾਜਸੀ ਪਾਰਟੀਆਂ ਭਾਜਪਾ , ਕਾਂਗਰਸ ਅਤੇ ਪੁਨਰ ਸੁਰਜੀਤ ਅਕਾਲੀ ਦਲ ਨੇ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਸਿੱਧੀ ਟੱਕਰ ਦੇਣ ਲਈ ਇੱਕ ਇੱਕ  ਉਮੀਦਵਾਰ ਖੜ੍ਹੇ ਕੀਤੇ ਸਨ ਲੇਕਿਨ ਇਸ ਫਾਰਮੂਲੇ ਦੇ ਬਾਵਜੂਦ  ਭਾਜਪਾ ਅਤੇ ਕਾਂਗਰਸ ਨੇ ਕੁੱਝ ਇੱਕ ਵਾਰਡਾਂ ਵਿੱਚ ਆਪਣੇ ਪੱਧਰ ਤੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਸਨ।

ਇਕੱਤਰ ਕੀਤੇ ਅੰਕੜਿਆਂ ਮੁਤਾਬਕ ਸੁਨਾਮ ਨਗਰ ਕੌਂਸਲ ਦੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ 51 ਫੀਸਦੀ ਵੋਟ ਹਾਸਲ ਕੀਤੀ ਹੈ, ਅਜ਼ਾਦ ਉਮੀਦਵਾਰ 34 ਫੀਸਦੀ, ਭਾਜਪਾ 7, ਅਕਾਲੀ ਦਲ ਬਾਦਲ 4.6 , ਕਾਂਗਰਸ 1.11 ਅਤੇ ਹੋਰ ਨੂੰ 2.16 ਫੀਸਦੀ ਵੋਟ ਹਾਸਲ ਹੋਏ। ਸ਼ਹਿਰ ਦੀ ਕੁੱਲ ਵੋਟ ਵਿੱਚੋਂ ਪੋਲ ਹੋਈ 70 ਫੀਸਦੀ ਵੋਟ ਚੋਂ ਆਮ ਆਦਮੀ ਪਾਰਟੀ ਨੂੰ 17435, ਅਜ਼ਾਦ ਉਮੀਦਵਾਰਾਂ ਨੂੰ 11500, ਭਾਜਪਾ 2500, ਅਕਾਲੀ ਦਲ ਬਾਦਲ 1500, ਕਾਂਗਰਸ 390 ਨੂੰ ਵੋਟਾਂ ਪਈਆਂ । ਸੁਨਾਮ ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਮੁਤਾਬਕ ਰਾਜ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਪੋਲ ਵੋਟਾਂ ਦੇ ਅੱਧ ਨੂੰ ਪਾਰ ਕਰ ਗਈ ਹੈ ਜਦਕਿ ਅਜ਼ਾਦ ਸਮੇਤ ਦੂਜੀਆਂ ਰਾਜਸੀ ਪਾਰਟੀਆਂ ਅੱਧ ਤੱਕ ਨਹੀਂ ਅੱਪੜ ਸਕੀਆਂ। ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਸ਼ਹਿਰੀ ਵੋਟਰਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਨੂੰ ਵੋਟਾਂ ਪਾਈਆਂ ਹਨ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਸੂਬੇ ਦੀ ਜਨਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਵੇਗੀ। ਉਧਰ ਜੇਕਰ ਪਿਛੋਕੜ ਤੇ ਝਾਤ ਮਾਰੀਏ ਤਾਂ ਪੰਜਾਬ ਦੀ ਸਿਆਸਤ ਦਾ ਸੱਚ ਇਹ ਵੀ ਹੈ ਕਿ ਸਥਾਨਕ ਚੋਣਾਂ ਦੇ ਨਤੀਜੇ ਕਦੇ ਵੀ ਆਮ ਚੋਣਾਂ ਵਿਧਾਨ ਸਭਾ ਦਾ ਭਵਿੱਖ ਤੈਅ ਨਹੀਂ ਕਰਦੇ।

ਜ਼ਿਕਰਯੋਗ ਹੈ ਕਿ ਸੁਨਾਮ ਨਗਰ ਕੌਂਸਲ ਦੇ 23 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ 19 ਵਾਰਡਾਂ ਵਿੱਚ ਜੇਤੂ ਰਹੀ ਹੈ ਜਦਕਿ ਇੱਕ ਵਾਰਡ ਤੋਂ ਭਾਜਪਾ ਦਾ ਅਧਿਕਾਰਤ ਉਮੀਦਵਾਰ ਅਤੇ ਤਿੰਨ ਵਾਰਡਾਂ ਤੋਂ ਸਾਂਝੇ ਤਿੰਨ ਉਮੀਦਵਾਰ ਜੇਤੂ ਰਹੇ ਹਨ। ਕੌਂਸਲ ਚੋਣਾਂ ਵਿੱਚ ਖਾਸ ਗੱਲ ਇਹ ਰਹੀ ਕਿ ਹਾਕਮ ਧਿਰ ਨੇ ਵਿਰੋਧੀ ਤਾਕਤਵਾਰ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਇਤਰਾਜ਼ ਲਾਕੇ ਰੱਦ ਕਰਵਾ ਦਿੱਤੇ ਸਨ ਜਦਕਿ ਵਿਰੋਧੀ ਉਮੀਦਵਾਰਾਂ ਵੱਲੋਂ ਹਾਕਮ ਧਿਰ ਦੇ ਚੋਣ ਲੜ ਰਹੇ ਉਮੀਦਵਾਰਾਂ ਖਿਲਾਫ ਦਿੱਤੇ ਇਤਰਾਜ਼ਾਂ ਨੂੰ ਮੁੱਢੋਂ ਵਿਸਾਰ ਦਿੱਤਾ ਗਿਆ। ਚੋਣਾਂ ਦਾ ਅਮਲ ਸੰਪੰਨ ਹੋਣ ਤੋਂ ਬਾਅਦ ਹੁਣ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈਕੇ ਚਰਚਾ ਸ਼ੁਰੂ ਹੋ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਸੁਨਾਮ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖਕੇ ਆਏ ਕੌਂਸਲਰ ਬਣੇ ਕਿਸੇ ਪ੍ਰਧਾਨਗੀ ਦਾ ਤਾਜ ਦੇਣਗੇ ਜਾਂ ਫਿਰ ਆਪਣੇ ਕਿਸੇ ਖਾਸ ਵਿਸ਼ਵਾਸ ਪਾਤਰ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਉਣਗੇ।

Leave a Reply

Your email address will not be published. Required fields are marked *