— ਕਿਹਾ ਪੰਜਾਬ ਦੇ ਸੰਸਦ ਵਿੱਚ ਪ੍ਰਮੁੱਖਤਾ ਨਾਲ ਉਠਾ ਰਿਹਾਂ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਸੰਧੂ ਨੇ ਜ਼ੋਰ ਦੇਕੇ ਆਖਿਆ ਕਿ ਭਾਜਪਾ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੇ ਸਮਰੱਥ ਹੈ। ਸੂਬੇ ਦੇ ਲੋਕਾਂ ਨੂੰ ਹੁਣ ਪੰਜਾਬ ਦੀ ਬਿਹਤਰੀ ਲਈ ਭਾਜਪਾ ਤੋਂ ਹੀ ਉਮੀਦ ਬਚੀ ਹੈ। ਭਾਜਪਾ ਨੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਦਾ ਸਥਾਈ ਹੱਲ ਕਰਨ ਲਈ ਸਮਝਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪੰਥਕ ਅਤੇ ਕਿਸਾਨੀ ਮੁੱਦਿਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੁਨਾਮ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੰਥਕ ਅਤੇ ਖੇਤੀ ਪ੍ਰਧਾਨ ਸੂਬਾ ਹੈ। ਸਿੱਖਾਂ ਨਾਲ ਜੁੜੇ ਧਾਰਮਿਕ ਮਾਮਲਿਆਂ ਨੂੰ ਹੱਲ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨਾ, ਪਾਰਟੀ ਦੀ ਮੁੱਢਲੀ ਤਰਜੀਹ ਰਹੇਗੀ। ਖਾਸ ਤੌਰ ‘ਤੇ, ਭਾਜਪਾ ਮੌਜੂਦਾ ਆਰਥਿਕ ਸੰਕਟ ਨੂੰ ਦੂਰ ਕਰਨ ਵਿੱਚ ਕਿਸਾਨਾਂ ਦੀ ਮੱਦਦ ਕਰਨ ਲਈ ਠੋਸ ਨੀਤੀਆਂ ਲਾਗੂ ਕਰੇਗੀ।
ਜਦੋਂ ਰਾਜ ਸਭਾ ਵਿੱਚ ਪੰਜਾਬ ਸੰਬੰਧੀ ਉਨ੍ਹਾਂ ਦੀਆਂ ਤਰਜੀਹਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਹਮੇਸ਼ਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ। ਭਾਜਪਾ ਸੰਸਦ ਮੈਂਬਰ ਇਸ ਸਮੇਂ ਸਭ ਤੋਂ ਵੱਧ ਸਵਾਲ ਪੁੱਛਣ ਅਤੇ ਸਦਨ ਵਿੱਚ ਸਭ ਤੋਂ ਵੱਧ ਦਖਲ ਦੇਣ ਦਾ ਰਿਕਾਰਡ ਰੱਖਦੇ ਹਨ।
— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੇਰਨਾ ਸਰੋਤ
ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਪ੍ਰੇਰਨਾ ਸਰੋਤ ਦੱਸਦੇ ਹੋਏ, ਕਿਹਾ ਕਿ ਜਨਤਾ ਦੇ ਬੁਨਿਆਦੀ ਮੁੱਦਿਆਂ ਨੂੰ ਤਰਜੀਹ ਦੇਣਾ ਰਾਜਨੀਤੀ ਦਾ ਹਿੱਸਾ ਹੈ। ਰਾਜਨੀਤੀ ਦਾ ਅਸਲ ਉਦੇਸ਼ ਜਨਤਕ ਸੇਵਾ ਤੋਂ ਇਲਾਵਾ ਹੋਰ ਕੁੱਝ ਨਹੀਂ ਹੋਣਾ ਚਾਹੀਦਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਧਾਰਮਿਕ, ਆਰਥਿਕ ਅਤੇ ਸਮਾਜਿਕ ਖੇਤਰਾਂ ਨਾਲ ਸਬੰਧਤ ਮੁੱਦਿਆਂ ,ਨੌਜਵਾਨਾਂ ਦੇ ਰੁਜ਼ਗਾਰ ਸਮੇਤ ਸੂਬੇ ਦੇ ਸਾਹਿਤ, ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਲਈ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਆਖਿਆ ਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਦਿਲ ਜਿੱਤਣ ਦੇ ਆਪਣੇ ਯਤਨਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਸੰਧੂ ਨੇ ਕਿਹਾ ਕਿ ਪਾਰਟੀ ਸੂਬੇ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਹੈ ਭਾਵੇਂ ਉਹ ਸਿੱਖ ਸੰਗਤ ਹੋਵੇ, ਕਿਸਾਨ, ਵਪਾਰੀ, ਸ਼ਹਿਰੀ, ਦਲਿਤ, ਜਾਂ ਪਛੜੇ ਵਰਗ ਦੇ ਲੋਕ ਹੋਣ । ਉਨ੍ਹਾਂ ਦਾ ਮੁੱਖ ਉਦੇਸ਼ ਪੰਜਾਬ ਨੂੰ ਦਰਪੇਸ਼ ਮੁਸ਼ਕਲਾਂ ਅਤੇ ਚੁਣੌਤੀਆਂ ਤੋਂ ਬਾਹਰ ਕੱਢਣਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਘਣਸ਼ਿਆਮ ਕਾਂਸਲ, ਮੋਨਿਕਾ ਗੋਇਲ, ਰਾਜੀਵ ਮੱਖਣ , ਰਾਂਝਾ ਬਖਸ਼ੀ ਖਨੌਰੀ, ਰਾਜੀਵ ਕੁਮਾਰ ਮੱਖਣ ਤੇ ਹੋਰ ਆਗੂ ਮੌਜੂਦ ਸਨ।