Headlines

ਨਵਾਂ ਬੇਅਦਬੀ ਕਾਨੂੰਨ ਗ੍ਰੰਥੀ ਸਿੰਘਾਂ ਲਈ ਬੇਹੱਦ ਘਾਤਕ– ਛਾਜਲਾ 

Oplus_16908288

** ਕਿਹਾ ਗ੍ਰੰਥੀ ਸਿੰਘ ਡਿਊਟੀ ਛੱਡਣ ਲਈ ਹੋਣਗੇ ਮਜਬੂਰ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਜਗਮੇਲ ਸਿੰਘ ਛਾਜਲਾ ਨੇ ਸੂਬੇ ਦੀ ਸਰਕਾਰ ਵੱਲੋਂ ਪਾਸ ਕੀਤੇ ਬੇਅਦਬੀ ਕਾਨੂੰਨ ਨੂੰ ਗ੍ਰੰਥੀ ਸਿੰਘਾਂ ਲਈ ਬੇਹੱਦ ਘਾਤਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਕਾਨੂੰਨੀ ਪੇਚੀਦਗੀਆਂ ਵਿੱਚ ਉਲਝਣ ਦੀ ਥਾਂ ਡਿਊਟੀ ਛੱਡਣ ਲਈ ਮਜ਼ਬੂਰ ਹੋ ਜਾਣਗੇ। 

ਵੀਰਵਾਰ ਨੂੰ ਸੁਨਾਮ ਵਿਖੇ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਸਭਾ ਦੇ ਮੁੱਖ ਸੇਵਾਦਾਰ ਭਾਈ ਜਗਮੇਲ ਸਿੰਘ ਛਾਜਲਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਨਾਂਅ ਤੇ ਪਾਸ ਕੀਤਾ ਨਵਾਂ ਕਾਨੂੰਨ ਗ੍ਰੰਥੀ ਸਿੰਘਾਂ ਲਈ ਬੇਹੱਦ ਹੈਰਾਨੀਜਨਕ ਅਤੇ ਫਾਂਸੀ ਦਾ ਫੰਦਾ ਹੈ। ਉਹਨਾਂ ਕਿਹਾ ਕਿ ਪਾਸ ਕੀਤੇ ਨਵੇਂ ਕਾਨੂੰਨ ਵਿੱਚ ਆਖਿਆ ਗਿਆ ਹੈ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈਕੇ ਸੁਖ ਆਸਣ ਤੱਕ ਕਿਸੇ ਵੀ ਪ੍ਰਕਾਰ ਦੀ ਮਰਿਯਾਦਾ ਦੀ ਊਣਤਾਈ ਹੁੰਦੀ ਹੈ ਤਾਂ ਉਸ ਵਿਚ ਸਿੱਧੇ ਤੌਰ ਤੇ ਗੁਰਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਜਿੰਮੇਵਾਰ ਹੋਵੇਗਾ,ਜਿਸ ਤੇ ਨਵੇਂ ਬਣੇ ਕਾਨੂੰਨ ਮੁਤਾਬਿਕ ਪੰਜ ਸਾਲ ਦੀ ਸਜ਼ਾ ਅਤੇ ਦਸ ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਪਹਿਲਾਂ ਹੀ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਨ, ਇਸ ਕਾਨੂੰਨ ਨਾਲ ਪਤਾ ਨਹੀਂ ਕਿੰਨੇ ਕੁ ਗ੍ਰੰਥੀਆਂ ਦੇ ਘਰ ਬਰਬਾਦ ਹੋਣਗੇ । ਉਨ੍ਹਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕਾਨੂੰਨ ਤੇ ਮੁੜ ਵਿਚਾਰ ਕਰਕੇ ਇਸ ਵਿਚ ਸੋਧ ਕੀਤੀ ਜਾਵੇ ਤਾਂ ਜੋ ਗ੍ਰੰਥੀ ਸਿੰਘ ਆਪਣੀ ਡਿਊਟੀ ਨਿਭਾਉਂਦੇ ਰਹਿਣ। ਉਨ੍ਹਾਂ ਆਖਿਆ ਕਿ ਉਕਤ ਕਾਨੂੰਨ ਵਿੱਚ ਪੁਲਿਸ ਨੂੰ ਦਿੱਤੇ ਵਧੇਰੇ ਅਖ਼ਤਿਆਰਾਂ ਦੀ ਦੁਰਵਰਤੋਂ ਦਾ ਡਰ ਵੀ ਬਣਿਆ ਰਹੇਗਾ।ਇਸ ਮੌਕੇ ਭਾਈ ਸਵਰਨ ਸਿੰਘ ਮੀਤ ਪ੍ਰਧਾਨ, ਭਾਈ ਹਰਪ੍ਰੀਤ ਸਿੰਘ ਖਜਾਨਚੀ, ਭਾਈ ਸਤਨਾਮ ਸਿੰਘ, ਭਾਈ ਅਨਮੋਲ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *