** ਅਮਰੀਕਾ ਤੇ ਭਾਰਤ ਵਿਚਲੇ ਕਾਨੂੰਨ ਬਾਰੇ ਕੀਤੀ ਚਰਚਾ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਦਾਮਨ ਬਾਜਵਾ ਨੇ ਵਾਸ਼ਿੰਗਟਨ ਡੀ.ਸੀ. ਵਿਖੇ ਅਮਰੀਕੀ ਨਿਆਂ ਵਿਭਾਗ ਦੇ ਸਿਵਲ ਰਾਇਟਸ ਡਿਵੀਜ਼ਨ ਦੀ ਸਹਾਇਕ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਅਮਰੀਕਾ ਵਿਚਲੇ ਕਾਨੂੰਨ ਅਤੇ ਲਾਗੂ ਹੋਣ ਬਾਰੇ ਚਰਚਾ ਕੀਤੀ ਗਈ। ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਦੱਸਿਆ ਕਿ ਹਰਮੀਤ ਕੌਰ ਢਿੱਲੋਂ ਉਨ੍ਹਾਂ ਦੇ ਨਜ਼ਦੀਕ ਰਿਸ਼ਤੇਦਾਰ ਵੀ ਹਨ। ਉਨ੍ਹਾਂ ਕਿਹਾ ਕਿ ਬਾਜਵਾ ਪਰਿਵਾਰ ਦੀ ਇੱਕ ਧੀ ਅੱਜ ਅਮਰੀਕਾ ਦੇ ਸਭ ਤੋਂ ਉੱਚੇ ਕਾਨੂੰਨੀ ਅਹੁਦਿਆਂ ਵਿੱਚੋਂ ਇੱਕ ‘ਤੇ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ।
ਦਾਮਨ ਬਾਜਵਾ ਨੇ ਕਿਹਾ ਕਿ ਇੰਨੇ ਉੱਚੇ ਅਹੁਦੇ ‘ਤੇ ਹੋਣ ਦੇ ਬਾਵਜੂਦ ਹਰਮੀਤ ਕੌਰ ਢਿੱਲੋਂ ਦੀ ਸਾਦਗੀ, ਨਿਮਰਤਾ ਅਤੇ ਆਪਣੇ ਪਰਿਵਾਰ, ਵਿਰਾਸਤ ਅਤੇ ਪੰਜਾਬੀਅਤ ਨਾਲ ਜੁੜਾਅ ਬੇਹੱਦ ਪ੍ਰੇਰਣਾਦਾਇਕ ਹੈ। ਉਨ੍ਹਾਂ ਦੀ ਇਹ ਸਾਦਗੀ ਅਤੇ ਆਪਣੇ ਸੱਭਿਆਚਾਰ ਪ੍ਰਤੀ ਸਮਰਪਣ ਹਰ ਪੰਜਾਬੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇੱਕ ਸਿੱਖ, ਪੰਜਾਬੀ ਅਤੇ ਭਾਰਤੀ ਮੂਲ ਦੀ ਮਹਿਲਾ ਵਜੋਂ ਹਰਮੀਤ ਕੌਰ ਢਿੱਲੋਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਸਦਕਾ ਵਿਸ਼ਵ ਪੱਧਰ ‘ਤੇ ਵਿਲੱਖਣ ਪਛਾਣ ਬਣਾਈ ਹੈ, ਜੋ ਅਣਗਿਣਤ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ ਅਤੇ ਹਰਕੋਮਲ ਬਾਜਵਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।