Headlines

ਵਿਧਾਇਕ ਮਾਲੇਰਕੋਟਲਾ ਨੇ ਪੀ.ਐਮ. ਸਵੈਨਿੱਧੀ ਮਹਾਂਉਤਸਵ ਦੌਰਾਨ ਕਰਜ਼ੇ ਦੀ ਸਹੀ ਵਰਤੋਂ ਕਰਨ ਵਾਲੇ ਸਟਰੀਟ ਵੈਂਡਰਾਂ ਨੂੰ ਕੀਤਾ ਸਨਮਾਨਿਤ

·         ਪੀ.ਐਮ. ਸਵੈਨਿੱਧੀ ਸਕੀਮ ਨਾਲ ਸਟਰੀਟ ਵੈਂਡਰਾਂ ਦੀ ਆਰਥਿਕ ਸਥਿਤੀ ਹੋਈ ਮਜ਼ਬੂਤ, ਹਜ਼ਾਰਾਂ ਲਾਭਪਾਤਰੀਆਂ ਨੂੰ ਮਿਲਿਆ ਕਰਜ਼ਾ

·         ਹੁਣ ਤੱਕ ਮਾਲੇਰਕੋਟਲਾ ਵਿੱਚ ਪੀ.ਐਮ. ਸਵੈਨਿੱਧੀ ਸਕੀਮ ਤਹਿਤ  ਕਰੀਬ 05 ਕਰੋੜ 91 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ ਗਏ

ਮਾਲੇਰਕੋਟਲਾ, 19 ਜੂਨ Bol Punjab De, Buero

ਸਰਕਾਰ ਦੀ ਮਹੱਤਵਪੂਰਨ ਪੀ.ਐਮ. ਸਵੈਨਿੱਧੀ ਸਕੀਮ ਤਹਿਤ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਦੀ ਅਗਵਾਈ ਵਿੱਚ ਅੱਜ ਸਵੈਨਿੱਧੀ ਮਹਾਂਉਤਸਵ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਸਮਾਗਮ ਦਾ ਉਦੇਸ਼ ਸਟਰੀਟ ਵੈਂਡਰਾਂ ਨੂੰ ਆਤਮਨਿਰਭਰ ਬਣਾਉਣਾ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਿੱਤੀ ਸਹੂਲਤਾਂ ਬਾਰੇ ਜਾਗਰੂਕ ਕਰਨਾ ਸੀ।

ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਉਹਨਾਂ ਸਟਰੀਟ ਵੈਂਡਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਪੀ.ਐਮ. ਸਵੈਨਿੱਧੀ ਸਕੀਮ ਤਹਿਤ ਪ੍ਰਾਪਤ ਕਰਜ਼ੇ ਨੂੰ ਬੁੱਧੀਮਾਨੀ ਨਾਲ ਵਰਤ ਕੇ ਆਪਣੇ ਕਾਰੋਬਾਰ ਦਾ ਵਿਆਪਕ ਵਿਕਾਸ ਕੀਤਾ ਅਤੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਛੋਟੇ ਕਾਰੋਬਾਰੀਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਲਈ ਆਰਥਿਕ ਤੌਰ ‘ਤੇ ਮਜ਼ਬੂਤ ਬਣਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਸਾਬਤ ਹੋ ਰਹੀ ਹੈ।

ਸਮਾਗਮ ਦੌਰਾਨ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ ਵਧਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਮ. ਸਵੈਨਿੱਧੀ ਸਕੀਮ ਤਹਿਤ ਕ੍ਰੀਬ 5 ਕਰੋੜ 91 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਜ਼ਿਲ੍ਹੇ ਵਿੱਚ ਹੁਣ ਤੱਕ ਵੰਡੇ ਜਾ ਚੁੱਕੇ ਹਨ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 2809 ਲਾਭਪਾਤਰੀਆਂ ਨੂੰ ਪਹਿਲੇ ਪੜਾਅ ਤਹਿਤ 2 ਕਰੋੜ 80 ਲੱਖ 90 ਹਜ਼ਾਰ ਰੁਪਏ, 905 ਲਾਭਪਾਤਰੀਆਂ ਨੂੰ ਦੂਜੇ ਪੜਾਅ ਤਹਿਤ 1 ਕਰੋੜ 81 ਲੱਖ ਰੁਪਏ ਅਤੇ 258 ਲਾਭਪਾਤਰੀਆਂ ਨੂੰ ਤੀਜੇ ਪੜਾਅ ਤਹਿਤ 1 ਕਰੋੜ 29 ਲੱਖ ਰੁਪਏ ਦੇ ਕਰਜ਼ੇ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਹੋਰ ਦੱਸਿਆ ਕਿ ਹੁਣ ਤੱਕ ਇਨ੍ਹਾਂ ਕਰਜ਼ਿਆਂ ਵਿੱਚੋਂ ਸਥਾਨਕ ਨਗਰ ਕੌਂਸਲ ਵੱਲੋਂ ਕਰੀਬ 3.42 ਕਰੋੜ ਰੁਪਏ ਦੇ ਕਰਜ਼ੇ ਤਕਸ਼ੀਮ ਕੀਤੇ ਗਏ ਹਨ। ਬਾਕੀ ਦੀ ਰਕਮ ਨਗਰ ਕੌਂਸਲ ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਵੱਲੋਂ ਸਟਰੀਟ ਵੈਂਡਰਾਂ ਨੂੰ ਵਿੱਤੀ ਸਹੂਲਤਾਂ ਦੇ ਕਰਜੇ ਦੇ ਰੂਪ ਵਿੱਚ ਦਿੱਤੀ ਗਈ ਹੈ। ਇਸ ਤਰ੍ਹਾਂ ਸਕੀਮ ਅਧੀਨ ਕੁੱਲ 5 ਕਰੋੜ 90 ਲੱਖ 90 ਹਜ਼ਾਰ ਰੁਪਏ ਦੀ ਰਕਮ ਸਟਰੀਟ ਵੈਂਡਰਾਂ ਨੂੰ ਮੁਹੱਈਆ ਕਰਵਾਈ ਜਾ ਚੁਕੀ ਹੈ।

Leave a Reply

Your email address will not be published. Required fields are marked *