-ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਵਿਭਾਗ, ਸੰਗਰੂਰ ਨੇ ਖੇਤੀਬਾੜੀ ਮੁਸ਼ਕਲਾਂ ਦੇ ਵਿਗਿਆਨਕ ਹੱਲ ਸੁਝਾਏ
ਸੰਗਰੂਰ, 17 ਜੂਨ Bol Punjab De, Buero
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ, ਆਈ.ਸੀ.ਏ.ਆਰ.-ਭਾਰਤੀ ਮੱਕੀ ਖੋਜ ਸੰਸਥਾਨ, ਲੁਧਿਆਣਾ, ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਵੱਲੋਂ ਸਾਂਝੇ ਤੌਰ ‘ਤੇ “ਖੇਤ ਬਚਾਓ ਅਭਿਆਨ” ਤਹਿਤ ਪਿੰਡ ਬਹਾਦਰਪੁਰ, ਬਲਾਕ ਸੰਗਰੂਰ ਵਿਖੇ ਕਿਸਾਨ-ਵਿਗਿਆਨੀ ਮਿਲਣੀ ਕਰਵਾਈ ਗਈ।
ਇਸ ਮਿਲਣੀ ਦਾ ਮੁੱਖ ਮੰਤਵ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਸਾਉਣੀ ਦੀਆਂ ਫਸਲਾਂ ਲਈ ਸੁਧਰੀਆਂ ਕਾਸ਼ਤ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਫ਼ਸਲ ਵਿੱਚ ਖਾਦ ਪਾਉਣ ਤੋਂ ਪਹਿਲਾਂ ਮਿੱਟੀ ਪਰਖ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਬਣਾਈ ਰੱਖਣ ਅਤੇ ਖੇਤੀ ਲਾਗਤ ਘਟਾਉਣ ਲਈ ਵਿਗਿਆਨਕ ਖਾਦ ਪ੍ਰਬੰਧਨ ਅਪਣਾਉਣ ਦੀ ਸਲਾਹ ਦਿੱਤੀ।
ਇਸ ਤੋਂ ਇਲਾਵਾ ਉਹਨਾਂ ਜੰਤਰ ਅਤੇ ਸਣ ਦੀ ਹਰੀ ਖਾਦ ਨੂੰ ਖੇਤ ਵਿੱਚ ਮਿਲਾਉਣ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਹਰੀ ਖਾਦ ਨੂੰ ਖੇਤ ਵਾਹੁਣ ਨਾਲ ਮਿੱਟੀ ਦੀ ਜੈਵਿਕ ਸਿਹਤ ਵਿੱਚ ਸੁਧਾਰ ਆਉਂਦਾ ਹੈ ਅਤੇ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਬੱਚਤ ਹੁੰਦੀ ਹੈ।
ਡਾ. ਅਮਰਜੀਤ ਸਿੰਘ, ਬਲਾਕ ਖੇਤੀਬਾੜੀ ਅਫ਼ਸਰ, ਸੰਗਰੂਰ ਨੇ ਕੁਦਰਤੀ ਸਰੋਤਾਂ ਦੀ ਸੰਭਾਲ ‘ਤੇ ਜ਼ੋਰ ਦਿੰਦਿਆਂ ਧਰਤੀ ਦੀ ਰੱਖਿਆ ਲਈ ਖੇਤੀ-ਰਸਾਇਣਾਂ ਦੀ ਸੁਚੱਜੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਝੋਨੇ ਦੇ ਬੌਣੇ ਵਾਇਰਸ ਸਬੰਧੀ ਕੁਸ਼ਲ ਪ੍ਰਬੰਧਨ ਲਈ ਵਿਗਿਆਨਕ ਸੁਝਾਅ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਰਸਾਇਣਕ ਖਾਦਾਂ ਪਾਉਣ ਤੋਂ ਪਹਿਲਾਂ ਮਿੱਟੀ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ।
ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਕਿਹਾ ਕਿ ਜਿੱਥੇ ਪਿਛਲੀ ਕਣਕ ਦੀ ਫਸਲ ਨੂੰ ਡੀ ਏ ਪੀ ਖਾਦ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਗਈ ਹੋਵੇ ਅਤੇ ਮਿੱਟੀ ਟੈਸਟ ਰਿਪੋਰਟ ਵਿੱਚ ਉਪਲਬਧ ਫਾਸਫੋਰਸ ਦਰਮਿਆਨੇ ਤੋਂ ਵੱਧ ਸ਼੍ਰੇਣੀ ਵਿੱਚ ਆਈ ਹੋਵੇ ਤਾਂ ਉੱਥੇ ਝੋਨੇ ਅਤੇ ਬਾਸਮਤੀ ਵਿੱਚ ਫਾਸਫੋਰਸ ਖਾਦਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜਿੱਥੇ ਢੈਂਚਾ ਅਤੇ ਸਣ ਵਰਗੀਆਂ ਹਰੀ ਖਾਦ ਵਾਲੀਆਂ ਫਸਲਾਂ ਵਾਹੀਆਂ ਗਈਆਂ ਹੋਣ, ਉੱਥੇ ਕਿਸਾਨ ਯੂਰੀਆ ਦੀ ਵਰਤੋਂ ਘਟਾ ਦੇਣ।
ਡਾ. ਦੀਪਕ ਮੋਹਨ, ਵਿਗਿਆਨੀ, ਭਾਰਤੀ ਮੱਕੀ ਖੋਜ ਸੰਸਥਾਨ, ਲੁਧਿਆਣਾ ਨੇ ਸਾਉਣੀ ਦੀ ਮੱਕੀ ਵਿੱਚ ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ ‘ਤੇ ਚਰਚਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਖਾਦਾਂ ਦੀ ਬੇਲੋੜੀ ਵਰਤੋਂ ਤੋਂ ਸੁਚੇਤ ਕੀਤਾ ਅਤੇ ਇਸ ਦੇ ਮਿੱਟੀ, ਫਸਲ ਉਤਪਾਦਕਤਾ ਅਤੇ ਵਾਤਾਵਰਣ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕੀਤਾ।
ਡਾ. ਲਵਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਸੰਗਰੂਰ ਨੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਤਹਿਤ ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਦੀ ਮੱਕੀ ਅਤੇ ਜਿਪਸਮ ਲਈ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਟਿਕਾਊ ਖੇਤੀ ਲਈ ਇਨ੍ਹਾਂ ਲਾਭਾਂ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਮਿੱਟੀ ਪਰਖ ਲਈ ਨਮੂਨਾ ਲੈਣ ਦੀਆਂ ਵਿਗਿਆਨਕ ਤਕਨੀਕਾਂ ਸਾਂਝੀਆਂ ਕੀਤੀਆਂ।
ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਕਿਸਾਨਾਂ ਨੇ ਸਰਗਰਮੀ ਨਾਲ ਭਾਗ ਲਿਆ। ਇਸ ਸਾਂਝੀ ਪਹਿਲ ਦਾ ਉਦੇਸ਼ ਪੰਜਾਬ ਵਿੱਚ ਸਰੋਤ-ਕੁਸ਼ਲ ਖੇਤੀ ਨੂੰ ਉਤਸ਼ਾਹਿਤ ਕਰਨਾ, ਕਾਸ਼ਤ ਦੀ ਲਾਗਤ ਘਟਾਉਣਾ ਅਤੇ ਮਿੱਟੀ ਤੇ ਪਾਣੀ ਦੇ ਸਰੋਤਾਂ ਦੀ ਰੱਖਿਆ ਕਰਨਾ ਹੈ।
ਕਿਸਾਨਾਂ ਵੱਲੋਂ ਕੱਦੂ ਕਰਨ ਤੋਂ ਪਹਿਲਾਂ ਯੂਰੀਆ ਦੀ ਵਰਤੋਂ, ਨਦੀਨ ਪ੍ਰਬੰਧਨ, ਜ਼ਿੰਕ ਸਲਫੇਟ ਦੀ ਵਰਤੋਂ, ਝੋਨੇ ਦੀ ਸਿੱਧੀ ਬਿਜਾਈ ਦੀ ਰਜਿਸਟ੍ਰੇਸ਼ਨ, ਆਦਿ ਬਾਰੇ ਪੁੱਛੇ ਗਏ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ ਗਏ।