ਸੰਗਰੂਰ 2 ਅਪ੍ਰੈਲ (Bol Punjab De,Buero )

ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਬੀਕੇਯੂ ਏਕਤਾ ਮਲਵਈ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਅੱਗੇ ਦੋ ਘੰਟੇ ਧਰਨਾ ਦੇ ਕੇ ਕੇਂਦਰ ਨਾਲ ਸਬੰਧਤ ਮੰਗਾਂ ਲਈ ਦੇਸ਼ ਦੀ ਰਾਸ਼ਟਰਪਤੀ ਅਤੇ ਪੰਜਾਬ ਨਾਲ਼ ਸਬੰਧਿਤ ਮੰਗਾਂ ਲਈ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਦੇ ਨੁੰਮਾਇੰਦੇ ਨੂੰ ਸੌਂਪਿਆ ਗਿਆ ਤੇ ਅਮਰੀਕੀ ਪ੍ਰੋਡਕਟਾਂ ਨੂੰ ਸਾੜ ਕੇ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਗਿਆ ।
ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਸਿੱਧੂਪੁਰ ਦੇ ਆਗੂ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਰਣ ਸਿੰਘ ਚੱਠਾ, ਬੀਕੇਯੂ ਏਕਤਾ ਮਲਵਈ ਦੇ ਆਗੂ ਧਰਮਿੰਦਰ ਸਿੰਘ ਪਿਸ਼ੌਰ, ਮਲਕੀਤ ਸਿੰਘ ਤੂਰਬੰਜਾਰਾ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ ਚੱਲ ਰਹੇ ਹਾੜੀ ਸੀਜ਼ਨ ਦੀਆਂ ਫਸਲਾਂ, ਖਾਸ ਕਰਕੇ ਕਣਕ ਅਤੇ ਸਰ੍ਹੋਂ ਦੀ ਖਰੀਦ ਐਮ ਐਸ ਪੀ ਉੱਪਰ ਹੋਣੀ ਯਕੀਨੀ ਬਣਾਈ ਜਾਵੇ। ਹਰਿਆਣਾ ਸਰਕਾਰ ਨੇ ਨਵੇਂ ਕਾਲੇ ਨਿਯਮ ਲਾਗੂ ਕਰਕੇ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਕਠਨ ਅਤੇ ਗੁੰਝਲਦਾਰ ਬਣਾ ਦਿੱਤਾ ਹੈ, ਜਿਸ ਨਾਲ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਗੇਟ ਪਾਸ ਲਈ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਅਤੇ ਟਰੈਕਟਰ-ਟਰਾਲੀ ਉੱਪਰ ਨੰਬਰ ਪਲੇਟ ਲੱਗੇ ਹੋਣਾ ਲਾਜ਼ਮੀ ਕਰਕੇ ਉਸ ਦੀ ਫੋਟੋ ਅਪਲੋਡ ਕਰਨ ਦੀ ਪ੍ਰਕਿਰਿਆ ਵਿੱਚ ਬਹੁਤ ਸਮਾਂ ਲੱਗੇਗਾ, ਜਿਸ ਕਾਰਨ ਮੰਡੀਆਂ ਦੇ ਬਾਹਰ ਲੰਬੇ ਟ੍ਰੈਫਿਕ ਜਾਮ ਲੱਗ ਜਾਣਗੇ,ਅਜਿਹੇ ਕਾਲੇ ਨਿਯਮ ਕਿਸਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਤਸੀਹੇ ਦੇਣ ਲਈ ਬਣਾਏ ਜਾ ਰਹੇ ਹਨ ਜਿਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਵੇ।

ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਆਲੂ ਦੀਆਂ ਡਿੱਗਦੀਆਂ ਕੀਮਤਾਂ ਕਾਰਨ ਕਿਸਾਨ ਦੀ ਆਲੂ ਦੀ ਫਸਲ ਉੱਪਰ ਆ ਰਹੀ ਲਾਗਤ ਵੀ ਪੂਰੀ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨ ਖੁਦਕੁਸ਼ੀ ਵਰਗੇ ਗੰਭੀਰ ਕਦਮ ਚੁੱਕਣ ਲਈ ਮਜਬੂਰ ਹੋ ਰਹੇ ਹਨ। ਹਾਲ ਹੀ ਵਿੱਚ ਆਲੂ ਉਤਪਾਦਕ ਕਿਸਾਨ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ (ਪੰਜਾਬ) ਅਤੇ ਸੋਨਪੀਰ ਸਿੰਘ ਕੁਸ਼ਵਾਹਾ ਅਤੇ ਵਿਕਾਸ ਚੌਧਰੀ (ਉੱਤਰ ਪ੍ਰਦੇਸ਼) ਦੀਆਂ ਖੁਦਕੁਸ਼ੀਆਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੇ ਹਾਲਾਤਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਲੂ ਉਤਪਾਦਕ ਕਿਸਾਨਾਂ ਲਈ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕਰਨੇ ਚਾਹੀਦੇ ਹਨ ਅਤੇ ਵਾਜਬ ਕੀਮਤਾਂ ਉੱਪਰ ਆਲੂਆਂ ਦੀ ਖਰੀਦ ਯਕੀਨੀ ਬਣਾਈ ਜਾਵੇ। ਆਗੂਆਂ ਨੇ ਕਿਹਾ ਪ੍ਰਸਤਾਵਿਤ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਵਿੱਚ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਸੈਕਟਰ ਸ਼ਾਮਲ ਨਹੀ ਕੀਤੇ ਜਾਣੇ ਚਾਹੀਦੇ, ਅਤੇ ਅਮਰੀਕਾ ਤੋਂ ਭੋਜਨ ਅਤੇ ਖੇਤੀਬਾੜੀ ਉਤਪਾਦਾਂ ਦੇ ਆਯਾਤ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ।
ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪ ਕੇ ਬੇਮੌਸਮੀ ਬਰਸਾਤ ਗੜੇਮਾਰੀ ਅਤੇ ਝੱਖੜ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਅਗਲੀ ਫਸਲ ਬੀਜਣ ਤੋਂ ਪਹਿਲਾਂ ਪਹਿਲਾਂ ਮੁਆਵਜ਼ਾ ਦਿੱਤਾ ਜਾਵੇ, ਬੈਂਕਾਂ ਵਿੱਚੋਂ ਕਰਜ਼ਾ ਲੈਣ ਸਮੇਂ ਜਮੀਨ ਦੀ ਸਕਿਉਰਟੀ ਤੋਂ ਵੱਖਰੀ ਹੋਰ ਕਿਸੇ ਕਿਸਮ ਦੀ ਸਕਿਉਰਟੀ ਜਿਵੇਂ ਕਿ ਖ਼ਾਲੀ ਚੈੱਕ ਵਗ਼ੈਰਾ ਤੁਰੰਤ ਬੰਦ ਕੀਤੀ ਜਾਵੇ ਅਤੇ ਬੈਂਕਾਂ ਵੱਲੋ ਲਏ ਜਾ ਚੁੱਕੇ ਅਜਿਹੇ ਚੈੱਕਾ ਜਾ ਦਸਤਾਵੇਜ਼ਾ ਦੀ ਮਾਨਤਾ ਸਰਕਾਰ ਤੁਰੰਤ ਖ਼ਤਮ ਕਰੇ ਅਤੇ ਜਿਹੜੇ ਖਾਲੀ ਚੈੱਕ ਬੈਂਕਾਂ ਕੋਲ ਪਏ ਹਨ ਅਤੇ ਜਾਂ ਬੈਂਕਾਂ ਵੱਲੋਂ ਕੋਰਟ ਵਿੱਚ ਲਗਾਏ ਗਏ ਹਨ ਉਹ ਸਾਰੇ ਚੈੱਕ ਕਿਸਾਨਾਂ ਨੂੰ ਵਾਪਸ ਕੀਤੇ ਜਾਣ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਰਹਿੰਦਾ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ।
ਪਿਛਲੀਆਂ ਮੰਨੀਆਂ ਜਾ ਚੁੱਕੀਆਂ ਮੰਗਾਂ ਅਨੁਸਾਰ ਕਿਸਾਨਾਂ ਉੱਪਰ ਪਰਾਲੀ ਸਾੜਨ ਸੰਬੰਧੀ ਜਾ ਕਿਸਾਨੀ ਅੰਦੋਲਨ ਸਮੇਂ ਰੇਲ ਰੋਕੋ,ਸੜਕ ਅਤੇ ਹਰ ਤਰ੍ਹਾਂ ਦੇ ਅਧੂਰੇ ਬਾਕੀ ਰਹਿੰਦੇ ਕੇਸਾਂ ਨੂੰ ਜਾ ਕੋਰਟ ਵਿੱਚ ਜਾ ਚੁੱਕੇ ਕੇਸਾਂ ਨੂੰ ਆਪਣਾ ਕਾਨੂੰਨੀ ਪ੍ਰੋਸੈਸ ਅਪਣਾ ਕੇ ਸਰਕਾਰ ਵਾਪਸ ਲਵੇ। ਸ਼ੰਭੂ,ਖਨੌਰੀ ਬਾਰਡਰਾਂ ਉੱਪਰ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਆਪਣੇ ਕੀਤੇ ਗਏ ਵਾਅਦਿਆ ਮੁਤਾਬਕ ਤੁਰੰਤ ਕੀਤੀ ਜਾਵੇ। ਧਰਨੇ ਨੂੰ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਆਗੂ ਜਤਿੰਦਰ ਸਿੰਘ ਜਲੂਰ , ਜਸਵੰਤ ਸਿੰਘ ਛਾਹੜ, ਕਸ਼ਮੀਰ ਸਿੰਘ ਉਗਰਾਹਾਂ, ਕਰਮਜੀਤ ਸਿੰਘ ਬਾਲਦ ਕਲਾਂ, ਕੁਲਵੰਤ ਸਿੰਘ ਉਭਿਆ, ਬੀਕੇਯੂ ਮਲਵਈ ਦੇ ਰਾਮਪਾਲ ਸੁਨਾਮ,ਹਰਜਿੰਦਰ ਸਿੰਘ ਨੰਗਲਾ, ਪਰਮਜੀਤ ਕੌਰ ਲਹਿਲ ਕਲਾਂ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਖੋਖਰ, ਕ੍ਰਿਸ਼ਨ ਸਿੰਘ ਨੰਗਲਾ, ਗੁਰਦੀਪ ਸਿੰਘ ਜਲੂਰ, ਕਰਮ ਸਿੰਘ ਨਮੋਲ, ਗੁਰਮੇਲ ਸਿੰਘ ਸ਼ਾਹਪੁਰ, ਦਲੇਲ ਸਿੰਘ ਚੱਠਾ, ਨਾਇਬ ਸਿੰਘ ਨਦਾਮਪੁਰ, ਬਿੰਦਰ ਸਿੰਘ ਲਹਿਲ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।