Headlines

ਡਰੱਗ ਤੇ ਸਮਾਜਿਕ-ਆਰਥਿਕ ਸੈਂਸਸ ਲਈ ਸਵੈ-ਗਣਨਾ ਦਾ ਕੰਮ ਸ਼ੁਰੂ : ਡਿਪਟੀ ਕਮਿਸ਼ਨਰ

• ਡਰੱਗ ਅਤੇ ਸੋਸ਼ਿਓ-ਇਕਨਾਮਿਕ ਸੈਂਸਸ ਲਈ ਯੋਗ ਕਰਮਚਾਰੀਆਂ ਨੂੰ ਐਨਯੂਮੇਰੇਟਰ ਵਜੋਂ ਅਰਜ਼ੀਆਂ ਦੇਣ ਦੀ ਅਪੀਲ

ਮਾਲੇਰਕੋਟਲਾ, 01 ਅਪ੍ਰੈਲ :Bol Punjab De,Buero:

ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਡਰੱਗ ਅਤੇ ਸਮਾਜਿਕ-ਆਰਥਿਕ ਜਨਗਣਨਾ ਸਬੰਧੀ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ “ਡਰੱਗ ਅਤੇ ਸੋਸ਼ਿਓ-ਇਕਨਾਮਿਕ ਸੈਂਸਸ” ਕਰਵਾਇਆ ਜਾ ਰਿਹਾ ਹੈ। ਇਸ ਪ੍ਰਕਿਰਿਆ ਨੂੰ ਨਿਰਧਾਰਿਤ ਸਮਾਂ-ਸੀਮਾ ਅੰਦਰ ਪੂਰਾ ਕਰਨ ਲਈ ਜ਼ਿਲ੍ਹੇ ਦੇ ਸਮੂਹ 400 ਪੋਲਿੰਗ ਬੂਥਾਂ ’ਤੇ ਐਨਯੂਮੇਰੇਟਰ (ਗਿਣਤੀਕਾਰ) ਤਾਇਨਾਤ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਸੈਂਸਸ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਨਸ਼ਿਆਂ ਨਾਲ ਸੰਬੰਧਿਤ ਹਾਲਾਤਾਂ ਅਤੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਬਾਰੇ ਸਹੀ ਅਤੇ ਤਾਜ਼ਾ ਡਾਟਾ ਇਕੱਠਾ ਕਰਨਾ ਹੈ, ਤਾਂ ਜੋ ਸਰਕਾਰ ਵੱਲੋਂ ਲੋਕ-ਭਲਾਈ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਜ਼ਿਲ੍ਹਾ ਪੱਧਰੀ ਤਿਆਰੀਆਂ, ਲਾਜਿਸਟਿਕਲ ਪ੍ਰਬੰਧ, ਸਿਖਲਾਈ ਯੋਜਨਾਵਾਂ, ਪੇਂਡੂ ਅਤੇ ਸ਼ਹਿਰੀ ਕਵਰੇਜ ਰਣਨੀਤੀਆਂ ਅਤੇ ਸਥਾਨਕ ਸੰਸਥਾਵਾਂ ਨਾਲ ਤਾਲਮੇਲ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਐਨਯੂਮੇਰੇਟਰ ਘਰ-ਘਰ ਸਰਵੇ ਲਈ ਆਉਣ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਸਹੀ ਅਤੇ ਅੱਪਡੇਟ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਪਾਰਦਰਸ਼ਤਾ, ਅੰਕੜਿਆਂ ਦੀ ਸਟੀਕਤਾ ਅਤੇ ਨਿਰਧਾਰਿਤ ਸਮਾਂ-ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ ’ਤੇ ਵੀ ਜ਼ੋਰ ਦਿੱਤਾ।ਉਨ੍ਹਾਂ ਅਧਿਕਾਰੀਆਂ ਨੂੰ ਸੁਚੱਜੀ ਯੋਜਨਾਬੰਦੀ ਅਤੇ ਅੰਤਰ-ਵਿਭਾਗੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਜਨਗਣਨਾ ਐਕਟ ਤਹਿਤ ਮਾਪਦੰਡਾਂ, ਪਰਿਭਾਸ਼ਾਵਾਂ ਅਤੇ ਪ੍ਰਕਿਰਿਆਵਾਂ ਦੀ ਪੂਰੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨਯੂਮੇਰੇਟਰ ਵਜੋਂ ਅਰਜ਼ੀ ਦੇਣ ਲਈ ਉਮੀਦਵਾਰ ਦਾ ਪੰਜਾਬ ਸਰਕਾਰ ਦਾ ਰੈਗੂਲਰ ਜਾਂ ਕਾਂਟ੍ਰੈਕਚੁਅਲ ਕਰਮਚਾਰੀ ਹੋਣਾ ਅਤੇ ਘੱਟੋ-ਘੱਟ ਗ੍ਰੈਜੂਏਟ ਜਾਂ ਡਿਪਲੋਮਾ ਹੋਲਡਰ ਹੋਣਾ ਲਾਜ਼ਮੀ ਹੈ। ਚੁਣੇ ਗਏ ਐਨਯੂਮੇਰੇਟਰਾਂ ਨੂੰ ਲਗਭਗ 250 ਘਰਾਂ ਦਾ ਸਰਵੇ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਹ ਸੈਂਸਸ ਸ਼ੁਰੂ ਹੋ ਚੁੱਕਾ ਹੈ ਅਤੇ ਸਰਵੇ ਦੀ ਪ੍ਰਕਿਰਿਆ ਸਰਕਾਰ ਵੱਲੋਂ ਪ੍ਰਦਾਨ ਕੀਤੀ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤੀ ਜਾਵੇਗੀ। ਐਨਯੂਮੇਰੇਟਰਾਂ ਨੂੰ ਪ੍ਰਤੀ ਘਰ 250 ਰੁਪਏ ਦੇ ਹਿਸਾਬ ਨਾਲ ਮਾਨਭੱਤਾ ਦਿੱਤਾ ਜਾਵੇਗਾ, ਜਿਸ ਅਨੁਸਾਰ 250 ਘਰਾਂ ਦੇ ਸਰਵੇ ਲਈ ਲਗਭਗ 62,500 ਰੁਪਏ ਬਣਦੇ ਹਨ।

ਮੀਟਿੰਗ ਦੌਰਾਨ ਸਾਰੇ ਅਧਿਕਾਰੀਆਂ ਨੇ ਸੈਂਸਸ ਨੂੰ ਪਾਰਦਰਸ਼ੀ, ਸਮਾਵੇਸ਼ੀ, ਸਟੀਕ ਅਤੇ ਤਕਨਾਲੋਜੀ ਅਧਾਰਤ ਢੰਗ ਨਾਲ ਸਫਲਤਾਪੂਰਵਕ ਨਿਭਾਉਣ ਲਈ ਪੇਸ਼ੇਵਰ ਇਮਾਨਦਾਰੀ, ਕਾਨੂੰਨੀ ਪਾਲਣਾ ਅਤੇ ਪ੍ਰਸ਼ਾਸਕੀ ਕੁਸ਼ਲਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਵੀ ਲਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਐਸ.ਡੀ.ਐਮ ਮਾਲੇਰਕੋਟਲਾ ਕਨੂੰਨ ਗਰਗ, ਐਸ.ਡੀ.ਐਮ ਅਮਰਗੜ੍ਹ ਹਰਬੰਸ ਸਿੰਘ, ਡੀ.ਡੀ.ਪੀ.ਓ ਰੂਪ ਸਿੰਘ, ਬੀ.ਡੀ.ਪੀ.ਓ ਜਸਮਿੰਦਰ ਸਿੰਘ, ਬੀ.ਡੀ.ਪੀ.ਓ ਬਬਲਜੀਤ ਕੌਰ, ਆਡਿਟ ਅਫਸਰ ਨਵਲ ਕਿਸ਼ੋਰ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਸੀ.ਡੀ.ਪੀ.ਓ ਪਵਨ ਕੁਮਾਰ, ਜਿਲਾ ਸਿੱਖਿਆ ਅਫਸਰ ਮਨਪ੍ਰੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *